Punjab

ਕੈਪਟਨ ਨੇ ਕਿਸ ਰਾਹੀਂ ਦਿੱਤੀ ਪਰਗਟ ਸਿੰਘ ਨੂੰ ਧਮਕੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਕੋਵਿਡ ਦੇ ਭਿਆਨਕ ਦੌਰ ਦੌਰਾਨ ਵੀ ਇੱਕ ਮੁੱਖ ਮੰਤਰੀ ਆਪਣੇ ਰਾਜਨੀਤਿਕ ਸੈਕਟਰੀ ਰਾਹੀਂ ਇੱਕ ਵਿਧਾਇਕ ਯਾਨਿ ਮੈਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਤੂੰ ਤਿਆਰ ਹੋਜਾ, ਤੈਨੂੰ ਠੋਕਣਾ ਹੈ। ਮੈਨੂੰ ਵੀਰਵਾਰ ਰਾਤ ਨੂੰ 11 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਸੰਦੀਪ ਸੰਧੂ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਤੇਰੇ ਕਾਗਜ਼-ਪੱਤਰ ਅਸੀਂ ਇਕੱਠੇ ਕਰ ਲਏ ਹਨ ਅਤੇ ਹੁਣ ਅਸੀਂ ਤੈਨੂੰ ਠੋਕਣਾ ਹੈ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ, ਫਿਰ ਮੈਂ ਦੋ-ਤਿੰਨ ਵਾਰ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਇਹ ਕਿਹਾ ਹੈ। ਉਸਨੇ ਕਿਹਾ ਕਿ ਹਾਂ, ਕੈਪਟਨ ਨੇ ਹੀ ਇਹ ਸੁਨੇਹਾ ਦਿੱਤਾ ਹੈ’।

ਪਰਗਟ ਸਿੰਘ ਨੇ ਕਿਹਾ ਕਿ ‘ਫਿਰ ਮੈਂ ਉਸਨੂੰ ਕਿਹਾ ਕਿ ਮੇਰਾ ਵੀ ਇੱਕ ਸੁਨੇਹਾ ਮੁੱਖ ਮੰਤਰੀ ਨੂੰ ਦੇ ਦੇਣਾ ਕਿ ਜੇ ਸੱਚ ਬੋਲਣ ਦੀ ਇਹ ਸਜ਼ਾ ਹੈ, ਜੇ ਅਸੀਂ ਬੇਅਦਬੀਆਂ ਦੀ ਕੋਈ ਗੱਲ ਕੀਤੀ ਹੈ, ਜੇ ਮਾਇਨਿੰਗ ਦੀ ਗੱਲ ਕੀਤੀ ਹੈ ਤਾਂ ਫਿਰ ਮੈਂ ਇਸ ਕੰਮ ਲਈ ਬਿਲਕੁਲ ਤਿਆਰ ਹਾਂ। ਸਰਕਾਰ ਨੇ ਮੇਰੇ ਨਾਲ ਜੋ ਕਰਨਾ ਹੈ, ਉਹ ਕਰ ਲਵੇ। ਜੇ ਮੈਨੂੰ ਕਿਸੇ ਨੇ ਠੋਕਣਾ ਹੈ ਤਾਂ ਅਫਸਰ ਉਹ ਹੀ ਆਵੇ, ਜਿਸਦੀਆਂ ਲੱਤਾਂ ਭਾਰ ਝੱਲ ਲੈਂਦੀਆਂ ਹੋਣ ਜਾਂ ਫਿਰ ਮੈਨੂੰ ਫੋਨ ਕਰ ਦਿਉ, ਮੈਂ ਉੱਥੇ ਆ ਜਾਣਾ ਹਾਂ’।

ਪਰਗਟ ਸਿੰਘ ਨੇ ਕਿਹਾ ਕਿ ‘ਮੈਨੂੰ ਨਹੀਂ ਪਤਾ ਸੀ ਕਿ ਰਾਜਨੀਤੀ ਇੰਨੀ ਮਾੜੀ ਹੁੰਦੀ ਹੈ। ਅਸੀਂ ਇੰਨੇ ਸ਼ਾਂਤ ਤਾਂ ਨਹੀਂ ਨਾ ਬੈਠ ਸਕਦੇ ਕਿ ਅਸੀਂ ਪੰਜਾਬ ਲੁੱਟਦਾ ਹੋਇਆ ਵੇਖ ਲਈਏ। ਮੈਂ ਕਦੇ ਕਿਸੇ ਰਾਜਨੀਤਿਕ ਪਾਰਟੀ ਨੂੰ ਮਾੜਾ ਨਹੀਂ ਕਿਹਾ ਕਿਉਂਕਿ ਰਾਜਨੀਤਿਕ ਪਾਰਟੀਆਂ ਨਹੀਂ ਮਾੜੀਆਂ, ਉਸਨੂੰ ਚਲਾਉਣ ਵਾਲੇ ਲੋਕ ਮਾੜੇ ਹਨ। ਸਾਨੂੰ ਲੋਕਤੰਤਰ ਨੂੰ ਬਚਾਉਣ ਦੀ ਜ਼ਰੂਰਤ ਹੈ’।

ਪਰਗਟ ਸਿੰਘ ਨੇ ਕੈਪਟਨ ਨੂੰ ਕੀ ਸਮਝਾਇਆ

ਪਰਗਟ ਸਿੰਘ ਨੇ ਕੈਪਟਨ ਨੂੰ ਸਮਝਾਉਂਦਿਆਂ ਕਿਹਾ ਕਿ ‘ਕੈਪਟਨ ਸਾਬ੍ਹ, ਅਸੀਂ ਪੁੱਠੇ ਰਾਹ ਪੈ ਗਏ ਹਾਂ। ਬਾਂਹ ਮਰੋੜਨ ਵਾਲੀ ਰਾਜਨੀਤੀ ਛੱਡੀਏ। ਮੈਨੂੰ ਪਤਾ ਹੈ ਕਿ ਪੰਜਾਬ ਨੂੰ ਕਿਵੇਂ ਬਚਾਉਣਾ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਨੂੰ ਜਿਊਣ ਲਈ ਪੈਸੇ ਕਿੰਨੇ ਚਾਹੀਦੇ ਹਨ। ਕੋਵਿਡ ਮਹਾਂਮਾਰੀ ਵਿੱਚ ਇਸ ਤਰ੍ਹਾਂ ਦੇ ਬੰਦੇ ਵੀ ਚਲੇ ਗਏ, ਜਿਨ੍ਹਾਂ ਬਾਰੇ ਕਦੇ ਸੋਚਿਆ ਨਹੀਂ ਸੀ। ਸਾਨੂੰ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਇੱਕ ਟੀਮ ਬਣਾਉਣੀ ਚਾਹੀਦੀ ਹੈ। ਕੈਪਟਨ ਸਾਬ੍ਹ, ਮੈਂ ਵੀ ਹਾਕੀ ਵਿੱਚ ਹਿੰਦੁਸਤਾਨ ਦਾ ਕੈਪਟਨ ਰਿਹਾ ਹਾਂ ਪਰ ਮੈਂ ਕਦੇ ਵੀ ਪ੍ਰੋਟੋਕੋਲ ਨਹੀਂ ਤੋੜੇ। ਮੈਨੂੰ ਆਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਕੁੱਝ ਨਾ ਕੁੱਝ ਚੰਗਾ ਕਰਨਗੇ। ਪਰ ਅਫਸੋਸ ਹੈ ਕਿ ਅਸੀਂ ਪੰਜਾਬ ਨੂੰ ਪੁੱਠੇ ਰਾਹ ਪਾ ਲਿਆ’।

ਕੈਪਟਨ ਨੂੰ ਕੀਤੀ ਅਨੋਖੀ ਅਪੀਲ

ਪਰਗਟ ਸਿੰਘ ਨੇ ਕੈਪਟਨ ਨੂੰ ਇੱਕ ਅਨੋਖੀ ਅਪੀਲ ਕਰਦਿਆਂ ਕਿਹਾ ਕਿ ‘ਮੈਂ ਕੈਪਟਨ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਤੇ ਆਪਣੇ ਕਮਰੇ ਵਿੱਚ ਇਕੱਲੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਸੋਚਣ ਕਿ ਉਹ ਕਰ ਕੀ ਰਹੇ ਹਨ। ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਵਿਜੀਲੈਂਸ ਜਾਂਚ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਸਿੱਧੂ ਦੇ ਖਿਲਾਫ ਸਬੂਤ ਸਨ ਤਾਂ ਫਿਰ ਦੋ ਸਾਲ ਸਰਕਾਰ ਇੰਤਜ਼ਾਰ ਕਿਉਂ ਕਰਦੀ ਰਹੀ, ਉਸਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ’।