India Punjab

ਸੱਚੀਂ,ਚੰਨੀ ਨੇ ਤਾਂ ਸਿਆਸੀ ਭੂੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਲੱਗਦੈ

‘ਦ ਖ਼ਾਲਸ ਬਿਊਰੋ :ਬਨਵੈਤ / ਗੁਰਪ੍ਰੀਤ : ਚਰਨਜੀਤ ਸਿੰਘ ਚੰਨੀ ਤਿੰਨ ਮਹੀਨੇ ਲਈ ਮੁੱਖ ਮੰਤਰੀ ਕਿਆ ਬਣੇ ਉਨ੍ਹਾਂ ਨੇ ਤਾਂ ਸਿਆਸੀ ਭੂੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ। ਪਿਛਲੇ ਕੁਝ ਦਿਨਾਂ ਤੋਂ ਤਾਂ ਚਾਰੇ ਪਾਸਿਆਂ ਤੋਂ ਤਾਂ ਊਝਾਂ ਦੇ ਥਪੇੜੇ ਪੈਣ ਲੱਗੇ ਹਨ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਤੇ ਇਨਫੋਰਸਮੈਂਟ ਡੈਕਟੋਰੇਟ ਦੇ ਡੰਡੇ ਤੋਂ ਬਾਅਦ ਹਾਲੇ ਸਾਹ ਸੋਖਾ ਆਉਣ ਨਹੀਂ ਸੀ ਲੱਗਾ ਇਹ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਹੋਰ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।  ਸੁਨੀਲ ਜਾਖੜ ਨੇ ਮੁੱਖ ਮੰਤਰੀ ਦੀ ਚੋਣ ਸਮੇਂ ਪਾਰਟੀ ਅੰਦਰਲੀ ਪੋਲ ਖੋਲਦਿਆਂ ਦਾਅਵਾ ਕੀਤਾ ਹੈ ਕਿ ਹਾਈ ਕਮਾਂਡ ਨੇ ਜਦੋਂ ਹਾਈ ਕਮਾਂਡ ਤੋਂ ਸਲਾਹ ਪੁੱਛੀ ਸੀ ਤਾਂ ਉਨ੍ਹਾਂ ਦੇ ਹਿੱਸੇ 79 ਵਿੱਚੋਂ ਦੋ ਵੋਟਾਂ ਆਈਆਂ ਸਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਦਿੱਤੀ ਇੱਕ ਤਾਜਾ ਇੰਟਰਵਿਊ ਵਿੱਚ ਚੰਨੀ ਦੇ ਰਾਹ ‘ਚ ਹੋਰ ਕੰਡੇ ਖਿਲਾਰ ਦਿੱਤੇ ਹਨ। ਕੈਪਟਨ ਨੇ ਦਾਅਵਾ ਕੀਤਾ ਹੈ ਕਿ ਮੀ ਟੂ ਕੇਸ ਵਿੱਚ ਚੰਨੀ  ਨੇ ਮਹਿਲਾ ਆਈਏ ਐੱਸ ਅਫਸਰ ਤੋਂ ਮਾਫੀ ਮੰਗ ਕੇ ਜਾਨ ਛੁਡਾਈ ਸੀ। ਉਨ੍ਹਾਂ ਨੇ ਕਿਹਾ ਕਿ ਚੰਨੀ ਨੂੰ  ਮੁੱਖ ਮੰਤਰੀ ਤੋਂ ਪਹਿਲਾਂ ਉਸ ਮਹਿਲਾ ਅਫਸਰ ਤੋਂ ਕਲੀਨ ਚਿੱਟ ਲੈਣ ਦੀ ਨਸੀਅਤ ਦਿੱਤੀ ਸੀ ।

ਉਨ੍ਹਾਂ ਨੇ ਇੱਕ ਹੋਰ ਵੱਡਾ ਖੁਲਾਸਾ ਦੁਹਰਾਉਦਾਂ ਕਿਹਾ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਦੇ ਸਾਰੇ ਵਿਧਾਇਕ ਰੇਤ ਦੇ ਨਜਾਇਜ਼ ਧੰਦੇ ਤੋਂ ਮੋਟੀ ਕਮਾਈ ਕਰ ਰਹੇ ਹਨ। ਇਸ ਤੋਂ ਅੱਗੇ ਜਾ ਕੇ ਉਨ੍ਹਾਂ  ਨੇ  ਕਹਿ ਦਿੱਤਾ ਕਿ ਕਾਂਗਰਸ ਦੀ ਸੁਪਰੀਮੋ ਨੂੰ ਪਹਿਲਾਂ ਹੀ ਭਿਣਕ ਸੀ। ਉਨ੍ਹਾਂ ਨੇ ਤਾਂ ਸੋਨੀਆ ਗਾਂਧੀ ਅੱਗੇ ਮਾਫੀਆ ਦੇ ਸਰਦਾਰ ਵਧਾਇਕਾਂ ਅਤੇ ਮੰਤਰੀਆਂ ਦੀ ਸੂਚੀ ਰੱਖਣ ਦੀ ਪੇਸ਼ਕਸ਼ ਕਰ ਦਿੱਤੀ ਤਾਂ ਸੋਨੀਆ ਗਾਂਧੀ ਨੇ ਪਾਰਟੀ ਅਤੇ ਸਰਕਾਰ ਦੀ ਪੱਤ ਢੱਕੇ ਰਹਿਣ ਦੀ ਸਲਾਹ ਦੇ ਕੇ ਹੱਥ ਬੰਨ ਦਿੱਤੇ।

ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸੂਬੇ ਦੇ ਅਗਲੇ ਮੁੱਖ ਮੰਤਰੀ ਦੇ ਆਹੁਦੇ ਲਈ ਲੋਕਾਂ ਦਾ ਪਹਿਲੀ ਪਸੰਦ ਹੋਣ ਦਾ ਦਾਅਵਾ ਕਰਦੇ ਹਨ , ਦੇ ਰਾਹ ਵਿੱਚ ਚਾਰੇ ਪਾਸਿਉਂ ਸੂਲਾਂ ਵਿਛਣ ਲੱਗੀਆਂ ਹਨ। ਚੰਨੀ ਸਾਬ ਹਾਲੇ ਵੀ ਵਸਤੂ ਸ਼ਾਸ਼ਤਰ ਵਾਲਿਆਂ ਨੂੰ ਪੁੱਛ  ਲਵੋ ਨਹੀਂ ਕਿੱਧਰੇ ਚੁਗਣੀਆਂ ਔਖੀਆਂ ਨਾ ਹੋ ਜਾਣ ।