Punjab

ਕੈਪਟਨ ਨੇ ਜੰਗਲਾਂ ਵੱਲ ਦਿੱਤਾ ਧਿਆਨ, ਜੰਗਲੀ ਜੀਵਾਂ ਨੂੰ ਮਿਲੇਗਾ ਲਾਭ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਬੇ ਦੇ ਕੁਦਰਤੀ ਮੌਸਮ ਅਤੇ ਅਸਲ ਨਿਵਾਸ ਨੂੰ ਧਿਆਨ ਵਿੱਚ ਰੱਖਦਿਆਂ ਅਸਲ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਮੁੜ ਸੁਰਜੀਤ ਕਰਨ ਲਈ ਹੁਕਮ ਦਿੱਤੇ ਹਨ।

ਇਹ ਰੁੱਖ ਲਗਾਉਣ ਤੇ ਦਿੱਤਾ ਜ਼ੋਰ

ਕੈਪਟਨ ਨੇ ਰਵਾਇਤੀ ਰੁੱਖਾਂ ਜਿਵੇਂ ਕਿ ਬੇਰ, ਕਿੱਕਰ, ਸ਼ਾਲ, ਟਾਹਲੀ ਆਦਿ ਦੇ ਪੌਦੇ ਵੱਡੀ ਪੱਧਰ ਉੱਤੇ ਲਗਾਉਣ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਅੰਬ ਦੀ ਦੇਸੀ (ਸਥਾਨਕ) ਕਿਸਮ ਕੱਥਾ ਅੰਬ, ਜੋ ਕਿ ਕੰਢੀ ਖੇਤਰ ਅਤੇ ਦੱਖਣੀ ਪੰਜਾਬ ਵਿੱਚ ਪਾਇਆ ਜਾਂਦਾ ਸੀ ਅਤੇ ਸਮਾਂ ਬੀਤਣ ਨਾਲ ਪੈਦਾਵਾਰ ਘਟਦੀ ਗਈ, ਨੂੰ ਵੀ ਲਗਾਉਣ ‘ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਅੰਬ ਦੇ ਬੂਟੇ ਜੰਗਲੀ ਜਾਨਵਾਰਾਂ ਅਤੇ ਪੁਰਾਣੇ ਪੰਛੀਆਂ ਲਈ ਕੁਦਰਤੀ ਰਿਹਾਇਸ਼ ਵੀ ਪੈਦਾ ਕਰਨਗੇ, ਜੋ ਸਮੇਂ ਦੇ ਨਾਲ ਅਲੋਪ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਚੰਦਨ ਅਤੇ ਉੱਚ ਕਿਸਮ ਦੇ ਬਾਂਸ (ਬੈਂਬੂਸਾ ਬੈਲਕੂਆ), ਜੋ ਰਵਾਇਤੀ ਬਾਂਸਾਂ ਨਾਲੋਂ ਦੁੱਗਣਾ ਝਾੜ ਦਿੰਦੇ ਹਨ, ਦੇ ਪੌਦੇ ਲਗਾਉਣ ਲਈ ਵਿਭਾਗ ਦੀ ਸ਼ਲਾਘਾ ਕੀਤੀ।

ਕੈਪਟਨ ਨੇ ਵਧੀਕ ਮੁੱਖ ਸਕੱਤਰ ਜੰਗਲਾਤ ਨੂੰ ਹੋਰ ਦੇਸੀ ਨਸਲ ਦੇ ਪੌਦੇ ਲਗਾਉਣ ਅਤੇ ਕਿਸਾਨਾਂ ਨੂੰ ਪਾਪੂਲਰ ਦੀ ਖੇਤੀ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਪਾਪੂਲਰ ਨਾ ਸਿਰਫ ਘੱਟ ਪਾਣੀ ਮੰਗਦਾ ਹੈ, ਸਗੋਂ ਇਸ ਦੀ ਲੱਕੜ ਉਦਯੋਗ ਵਿੱਚ ਵੀ ਵੱਡੀ ਮੰਗ ਹੈ।

ਸਿਸਵਾਂ ਤੇ ਹਰੀਕੇ ਲਈ ਦਿੱਤੇ ਖ਼ਾਸ ਨਿਰਦੇਸ਼

ਕੈਪਟਨ ਨੇ ਈਕੋ-ਟੂਰਜ਼ਿਮ ਦੀਆਂ ਸੰਭਾਵਨਾ ਦੀ ਪੂਰੀ ਤਰ੍ਹਾਂ ਪੜਚੋਲ ਕਰਨ ਲਈ ਆਖਦਿਆਂ ਕਿਹਾ ਕਿ ਸਿਸਵਾਂ ਤੇ ਹਰੀਕੇ ਨੂੰ ਉੱਤਰੀ ਭਾਰਤ ਵਿੱਚ ਇਸ ਦੇ ਤਰਜੀਹੀ ਸਥਾਨਾਂ ਵਜੋਂ ਵਿਕਸਤ ਕਰਨ ਲਈ ਠੋਸ ਯਤਨ ਕਰਨੇ ਚਾਹੀਦੇ ਹਨ। ਕੈਪਟਨ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਜੰਗਲਾਤ ਦੀਆਂ ਗਤੀਵਿਧੀਆਂ ਜਿਵੇਂ ਕਿ ਰੇਸ਼ਮ ਉਤਪਾਦਨ, ਮੱਖੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਬਹੁ-ਵਿਭਾਗੀ ਤਾਲਮੇਲ ਰਣਨੀਤੀ ਦੀ ਲੋੜ ‘ਤੇ ਜ਼ੋਰ ਦਿੱਤਾ।

ਮੱਗਰਮੱਛ ਦੇ ਪ੍ਰਜਨਨ ਕਰਨ ਦੀ ਲੋੜ ਤੇ ਦਿੱਤਾ ਜ਼ੋਰ

ਕੈਪਟਨ ਨੇ ਸੂਬੇ ਦੇ ਦਰਿਆਵਾਂ ਖਾਸ ਕਰਕੇ ਬਿਆਸ ਤੇ ਸਤੁਲਜ ਵਿੱਚ ਮੱਗਰਮੱਛ ਦੇ ਪ੍ਰਜਨਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਦੀ ਕਰੀਬ ਛੇ ਦਹਾਕੇ ਪਹਿਲਾਂ ਬਹੁਤ ਭਰਮਾਰ ਸੀ। ਉਨ੍ਹਾਂ ਘੜਿਆਲ ਮੁੜ ਲਿਆਉਣ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ, ਜਿਹੜਾ ਕਿ ਦਰਿਆਈ ਵਾਤਾਵਰਣ ਲਈ ਬਹੁਤ ਸਹਾਈ ਹੈ ਅਤੇ ਪੰਜਾਬ ਦੇ ਦਰਿਆਵਾਂ ਵਿੱਚ ਮੌਜੂਦ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੰਘ ਡੌਲਫਿਨ ਦੀ ਸੰਭਾਲ ਲਈ ਜੰਗਲੀ ਜੀਵ ਵਿਭਾਗ ਦੇ ਉਪਰਾਲਿਆਂ ਦੀ ਤਾਰੀਫ ਕੀਤੀ, ਜਿਸ ਨੂੰ 2019 ਵਿੱਚ ਸੂਬੇ ਦਾ ਦਰਿਆਈ ਜੀਵ ਐਲਾਨ ਦਿੱਤਾ ਸੀ।

ਕੰਢੀ ਖੇਤਰ ਅਤੇ ਦੱਖਣੀ ਪੰਜਾਬ ਦੀ ਨਰਮਾ ਪੱਟੀ ਵਿੱਚ ਜੰਗਲੀ ਸੂਰ, ਨੀਲ ਗਾਂ ਤੇ ਰੋਜ਼ ਦੀ ਵੱਧਦੀ ਆਬਾਦੀ ‘ਤੇ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਨੇ ਇਨ੍ਹਾਂ ਜਾਨਵਰਾਂ ਨਾਲ ਜਾਨ ਵਾਲੀਆਂ ਕੀਮਤੀ ਜਾਨਾਂ ਬਚਾਉਣ ਲਈ ਜੰਗਲੀ ਜੀਵ ਵਿਭਾਗ ਨੂੰ ਤੁਰੰਤ ਪ੍ਰਭਾਵਸ਼ਾਲੀ ਉਪਾਅ ਕਰਨ ਲਈ ਕਿਹਾ। ਇਸ ਤੋਂ ਇਲਾਵਾ ਇਹ ਜਾਨਵਾਰ ਫਸਲਾਂ ਦਾ ਵੀ ਭਾਰੀ ਨੁਕਸਾਨ ਕਰਦੇ ਹਨ।

ਅਵਾਰਾ ਪਸ਼ੂਆਂ ‘ਤੇ ਜਤਾਈ ਚਿੰਤਾ

ਸੂਬੇ ਭਰ ਵਿੱਚ ਅਵਾਰਾ ਪਸ਼ੂਆਂ ਦੇ ਖਤਰੇ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਹੁਣ ਲੋਕਾਂ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਰਿਹਾ ਹੈ, ਜਿਸ ਨਾਲ ਸੜਕ ਹਾਦਸੇ ਹੋਣ ਕਰਕੇ ਅਕਸਰ ਜਾਨੀ ਨੁਕਸਾਨ ਹੁੰਦਾ ਹੈ।

ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਜੰਗਲੀ ਜੀਵ ਵਿਭਾਗ ਨੂੰ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਅਵਾਰਾ ਪਸ਼ੂਆਂ ਨੂੰ ਉਨ੍ਹਾਂ ਬੀੜਾਂ, ਜੋ ਜੰਗਲੀ ਜੀਵ ਰੱਖ ਨਹੀਂ ਹਨ, ਵਿੱਚ ਤਬਦੀਲ ਅਤੇ ਮੁੜ ਵਸੇਬਾ ਕਰਨ ਵਾਸਤੇ ਰੂਪ-ਰੇਖਾ ਉਲੀਕਣ ਲਈ ਕਿਹਾ ਹੈ।