Punjab

ਕੈਪਟਨ ਦੀ ਬੀਜੇਪੀ ਲੀਡਰਾਂ ਨਾਲ ਮੁਲਾਕਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਦਰਸ਼ਨ ਕਰ ਰਹੇ ਬੀਜੇਪੀ ਲੀਡਰਾਂ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ। ਕੈਪਟਨ ਵੱਲੋਂ ਉੱਥੇ ਪਹੁੰਚਣ ਤੋਂ ਬਾਅਦ ਬੀਜੇਪੀ ਲੀਡਰਸ਼ਿਪ ਨੇ ਧਰਨਾ ਖਤਮ ਕਰ ਦਿੱਤਾ ਅਤੇ ਉਨ੍ਹਾਂ ਵੱਲੋਂ ਕੈਪਟਨ ਦੇ ਨਾਲ ਮੀਟਿੰਗ ਕੀਤੀ ਗਈ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਲੀਡਰਾਂ ਨੇ ਚੰਡੀਗੜ੍ਹ ਦੇ ਸੈਕਟਰ 2 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਮੀਟਿੰਗ ਕੀਤੀ। ਅਸ਼ਵਨੀ ਸ਼ਰਮਾ ਨੇ ਕੈਪਟਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਬੀਜੇਪੀ ਨੇ ਪੰਜਾਬ ਦੀ ਵਿਗੜਦੀ ਹੋਈ ਕਾਨੂੰਨ ਵਿਵਸਥਾ ਅਤੇ ਬੀਜੇਪੀ ਲੀਡਰਾਂ ‘ਤੇ ਹੋ ਰਹੇ ਹਮਲਿਆਂ ਪ੍ਰਤੀ ਕੈਪਟਨ ਅੱਗੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਜਿਸ ਮਾਹੌਲ, ਗੰਭੀਰਤਾ ਅਤੇ ਢੰਗ ਨਾਲ ਸਾਡੀ ਗੱਲ ਨੂੰ ਸੁਣਿਆ ਹੈ, ਉਹ ਜਲਦ ਕੋਈ ਐਕਸ਼ਨ ਲੈਣਗੇ। ਕੈਪਟਨ ਨੇ ਸਾਨੂੰ ਮਸਲੇ ਦੇ ਹੱਲ ਦਾ ਯਕੀਨ ਦਿਵਾਇਆ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਸੀਐੱਮ ‘ਤੇ ਯਕੀਨ ਤਾਂ ਕਰਨਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਚੋਣਾਂ ਵਿੱਚ ਕੋਈ ਢਾਅ ਨਹੀਂ ਲੱਗੇਗੀ।