Punjab

ਕੈਪਟਨ ਨੇ ਕਿਹੜੇ ਲੋਕਾਂ ਲਈ ਜਾਰੀ ਕੀਤੇ Hunger Helpline ਨੰਬਰ, ਪੜ੍ਹੋ ਹੋਰ ਵੀ ਅਹਿਮ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਕਰੋਨਾ ਸਥਿਤੀ ‘ਤੇ ਸਮੀਖਿਆ ਕਰਨ ਲਈ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ਵਿੱਚ ਕੈਪਟਨ ਨੇ ਅੱਜ ਕਈ ਅਹਿਮ ਐਲਾਨ ਕੀਤੇ। ਕੈਪਟਨ ਨੇ ਜੋ ਐਲਾਨ ਕੀਤੇ ਹਨ, ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ।

  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ Hunger Helpline ਨੰਬਰ ਜਾਰੀ ਕੀਤੇ ਹਨ। ਇਹ ਹੈਲਪਲਾਈਨ ਨੰਬਰ ਉਨ੍ਹਾਂ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਲਈ ਜਾਰੀ ਕੀਤੇ ਗਏ ਹਨ, ਜੋ ਗਰੀਬ ਤਬਕੇ ਤੋਂ ਹਨ। ਇਹ ਮਰੀਜ਼ 181 ਅਤੇ 112 ਨੰਬਰਾਂ ‘ਤੇ ਫੋਨ ਕਰਕੇ ਬਣਿਆ ਹੋਇਆ ਖਾਣਾ ਆਪਣੇ ਘਰਾਂ ਵਿੱਚ ਮੰਗਵਾ ਸਕਦੇ ਹਨ। ਇਹ ਖਾਣਾ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।
  • ਕੈਪਟਨ ਨੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰਾਂ ਦੇ 18 ਸਾਲ ਤੋਂ 44 ਸਾਲ ਦੇ ਸਿਹਤ ਕਰਮੀਆਂ ਦੇ ਪਰਿਵਾਰਾਂ ਨੂੰ ਕੱਲ੍ਹ ਤੋਂ ਕਰੋਨਾ ਵੈਕਸੀਨੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
  • ਕੈਪਟਨ ਨੇ ਪੰਜਾਬ ‘ਚ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਲਈ ਲੋੜੀਂਦੀ ਸਮੱਗਰੀ ਖਰੀਦਣ ਲਈ ਅਤੇ  ਖਪਤਯੋਗ ਵਸਤਾਂ ਦੀ ਖਰੀਦ ਲਈ 152.56 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵਿੱਚ 250 ਐੱਮਬੀਬੀਐੱਸ ਮੈਡੀਕਲ ਅਧਿਕਾਰੀਆਂ ਦੀ ਐਮਰਜੈਂਸੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
  • ਕੈਪਟਨ ਨੇ ਅੱਜ ਪੁਰਾਣੀਆਂ ਜੇਲ੍ਹਾਂ ਦੇ ਮੈਨੂਅਲ ਨੂੰ ਬਦਲ ਕੇ ਨਵੇਂ ਜੇਲ੍ਹ ਨਿਯਮ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਸੁਰੱਖਿਆ ਮਾਪਦੰਡ ਨਾਲ ਜੇਲ ਅਧਿਕਾਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ।
  • ਕੈਪਟਨ ਨੇ ਕਰੋਨਾ ਮਹਾਂਮਾਰੀ ਦੌਰਾਨ ਲਗਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਸਾਰੇ ਕਾਮਿਆਂ ਨੂੰ ਖਰਚੇ-ਭੱਤੇ ਲਈ 3 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਸਿਰਫ ਉਨ੍ਹਾਂ ਕਾਮਿਆਂ ਨੂੰ ਹੀ ਇਹ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ, ਜੋ ਬਿਲਡਿੰਗ ਅਤੇ ਹੋਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ (BOCW) ਨਾਲ ਰਜਿਸਟਰਡ ਹਨ।
  • ਕੈਪਟਨ ਨੇ ਸੂਬੇ ਵਿੱਚ ਕਰੋਨਾ ਵੈਕਸੀਨ ਦੀ ਘਾਟ ਦੇ ਕਾਰਨ ਵਧੀਆ ਮੁੱਲ ‘ਤੇ ਵੈਕਸੀਨ ਦੀ ਖਰੀਦ ਲਈ ਗਲੋਬਲ ਕੋਵੈਕਸ ਸਹੂਲਤ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਅਜਿਹਾ ਕਰਨ ਨਾਲ ਪੰਜਾਬ ਕਰੋਨਾ ਵੈਕਸੀਨ ਦੀ ਘਾਟ ਨੂੰ ਦੂਰ ਕਰਨ ਲਈ ਵਧੀਆ ਨੀਤੀਗਤ ਪਹਿਲਕਦਮੀ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ।