Punjab Religion

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਦਿਹਾਂਤ

ਬਿਊਰੋ ਰਿਪੋਰਟ (ਮੋਗਾ, 1 ਨਵੰਬਰ 2025): ਦਮਦਮੀ ਟਕਸਾਲ ਦੇ 14ਵੇਂ ਮੁਖੀ ਅਤੇ ਪ੍ਰਸਿੱਧ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਅੱਜ ਸਵੇਰੇ ਲਗਭਗ ਸਾਡੇ ਛੇ ਵਜੇ ਦਿਹਾਂਤ ਹੋ ਗਿਆ।

ਉਹ ਸਵਰਗਵਾਸੀ ਬਾਬਾ ਜੋਗਿੰਦਰ ਸਿੰਘ ਜੀ ਰੋਡੇ ਦੇ ਪੁੱਤਰ ਸਨ ਅਤੇ ਸਿੱਖ ਪੰਥ ਨਾਲ ਗਹਿਰਾ ਜੁੜਾਅ ਰੱਖਦੇ ਸਨ। ਕੈਪਟਨ ਹਰਚਰਨ ਸਿੰਘ ਰੋਡੇ ਆਪਣੇ ਧਾਰਮਿਕ ਜੀਵਨ, ਅਨੁਸ਼ਾਸਨ ਅਤੇ ਪੰਥਕ ਸੇਵਾ ਲਈ ਜਾਣੇ ਜਾਂਦੇ ਸਨ। ਉਹ ਇਕ ਅੰਮ੍ਰਿਤਧਾਰੀ, ਨਿਤਨੇਮੀ ਤੇ ਸਮਾਜਿਕ ਸਰਗਰਮ ਵਿਅਕਤੀ ਸਨ, ਜਿਨ੍ਹਾਂ ਨੇ ਹਮੇਸ਼ਾਂ ਸਿੱਖ ਸਿਧਾਂਤਾਂ ’ਤੇ ਟਿਕੇ ਰਹਿੰਦੇ ਹੋਏ ਪੰਥ ਦੀ ਸੇਵਾ ਕੀਤੀ।

ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ, 2 ਨਵੰਬਰ 2025 ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਰੋਡੇ (ਜ਼ਿਲ੍ਹਾ ਮੋਗਾ) ਵਿਖੇ ਕੀਤਾ ਜਾਵੇਗਾ।

ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਧਾਰਮਿਕ ਅਤੇ ਪੰਥਕ ਸੰਗਠਨਾਂ ਵੱਲੋਂ ਕੈਪਟਨ ਰੋਡੇ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ ਹੈ।