Punjab

ਆਖਿਰ ਕੌਣ ਹੈ ਇਹ ਬਜੁਰਗ ਜਿਸਨੂੰ ਕੈਪਟਨ ਨੇ ਮਾਰਿਆ ਸੈਲੂਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿਚ ਜੇਕਰ ਰੁਜਗਾਰ ਦੇ ਮਸਲੇ ਉੱਤੇ ਨੌਜਵਾਨਾਂ ਤੇ ਸਮਾਜਿਕ ਸੁਰੱਖਿਆ ਦੇ ਮਸਲੇ ਉੱਤੇ ਬੁਜਰਗਾਂ ਦੀ ਹਾਲਤ ਵੇਖੀ ਜਾਵੇ ਤਾਂ ਹਾਲਾਤ ਬਹੁਤੇ ਚੰਗੇ ਨਹੀਂ ਹਨ। ਇਹ ਜਰੂਰ ਹੈ ਕਿ ਸੋਸ਼ਲ ਮੀਡੀਆ ਉੱਤੇ ਸੜਕਾਂ ਉੱਤੇ ਸਮਾਨ ਵੇਚਦਾ ਕੋਈ ਬੱਚਾ ਜਾਂ ਬਜੁਰਗ ਪੰਜਾਬ ਸਰਕਾਰ ਦੇ ਧਿਆਨ ਵਿਚ ਆ ਜਾਵੇ ਤਾਂ ਜਰੂਰ ਆਰਥਿਕ ਮਦਦ ਕਰ ਦਿਤੀ ਜਾਂਦੀ ਹੈ। ਨਵੀਂ ਮਦਦ ਮੋਗਾ ਦੇ ਇਕ 100 ਸਾਲ ਦੇ ਬਜੁਰਗ ਦੇ ਹਿੱਸੇ ਆਈ ਹੈ, ਜੋ ਸ਼ਹਿਰੀ ਦੀਆਂ ਗਲੀਆਂ ਵਿੱਚ ਆਲੂ-ਪਿਆਜ਼ ਵੇਚਣ ਲਈ ਮਜ਼ਬੂਰ ਸੀ। ਹਰਬੰਸ ਸਿੰਘ ਨਾਂ ਦੇ ਇਸ ਬਜੁਰਗ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ। ਬਜ਼ੁਰਗ ਨੇ ਵੀ ਕਿਹਾ ਹੈ ਕਿ ਸਰਕਾਰ ਦੀ ਇਸ ਮਦਦ ਨਾਲ ਉਹ ਆਪਣੇ ਪੋਤਾ-ਪੋਤੀ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ। ਬਜ਼ੁਰਗ ਅਨੁਸਾਰ ਉਸ ਨੇ ਪ੍ਰਸ਼ਾਸਨ ਤੋਂ ਕੁਝ ਨਹੀਂ ਮੰਗਿਆ ਅਤੇ ਮਦਦ ਤੋਂ ਨਾਂਹ ਵੀ ਨਹੀਂ ਕੀਤੀ ਸੀ।

ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਉਨ੍ਹਾਂ ਲਿਖਿਆ ਹੈ ਕਿ ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੇ ਸਬਰ ਤੇ ਮਿਹਨਤ ਨੂੰ ਮੇਰਾ ਸਲਾਮ ਹੈ, ਜੋ ਇਸ ਉਮਰੇ ਆਪਣੇ ਤੇ ਆਪਣੇ ਪੋਤਾ-ਪੋਤੀ ਦੇ ਗੁਜ਼ਾਰੇ ਲਈ ਮਿਹਨਤ ਕਰ ਰਿਹਾ ਹੈ। ਇਸ ਲਈ ਅਸੀਂ ਹਰਬੰਸ ਸਿੰਘ ਜੀ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਤੇ ਉਨ੍ਹਾਂ ਦੇ ਪੋਤਾ-ਪੋਤੀ ਲਈ ਪੜ੍ਹਾਈ ਦੀ ਸਹੂਲਤ ਦਿੱਤੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਹਰਬੰਸ ਸਿੰਘ ਜੀ ਦੀ ਮਦਦ ਲਈ ਸਥਾਨਕ ਐੱਨਜੀਓ ਵੀ ਅੱਗੇ ਆਈਆਂ ਹਨ।

ਮੋਗਾ ਦੇ ਡੀਐੱਸਪੀ ਸੁਖਦੇਵ ਸਿੰਘ ਥਿੰਦ ਨੇ ਸ਼ਹਿਰ ਦੀਆਂ ਗਲੀਆਂ ’ਚ ਆਲੂ-ਪਿਆਜ਼ ਵੇਚ ਰਹੇ ਇਸ ਬਜ਼ੁਰਗ ਬਾਰੇ ਆਪਣੇ ਫੇਸ ਬੁੱਕ ਖਾਤੇ ਉੱਤੇ ਪੋਸਟ ਸਾਂਝੀ ਕਰਕੇ ਬਜ਼ੁਰਗ ਦੀ ਮਿਹਨਤ ਨੂੰ ਸਲਾਮ ਕੀਤਾ ਸੀ। ਬਜ਼ੁਰਗ ਹਰਬੰਸ ਸਿੰਘ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਸਥਾਨਕ ਡੀਸੀ ਸੰਦੀਪ ਹੰਸ ਨੇ ਬਜ਼ੁਰਗ ਨੂੰ ਬੁਲਾਇਆ ਤੇ ਕਿਹਾ ਕਿ ਇਹ ਉਮਰ ਉਨ੍ਹਾਂ ਦੇ ਆਰਾਮ ਕਰਨ ਦੀ ਹੈ, ਸਰਕਾਰ ਤੁਹਾਡੀ ਮਦਦ ਕਰੇਗੀ।

ਬਜ਼ੁਰਗ ਨੇ ਦੱਸਿਆ ਕਿ ਉਸ ਦਾ ਜਨਮ ਪਾਕਿਸਤਾਨ ਦਾ ਹੈ। ਉਨ੍ਹਾਂ ਦਾ ਪਿੰਡ ਸਰਾਂ ਮੁਗਲ ( ਠਾਣੇਵਾਲੀ) ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਵਿਚ ਸੀ। ਦੇਸ਼ ਦੀ ਆਜ਼ਾਦੀ ਮੌਕੇ ਉਹ ਕਰੀਬ 26 ਸਾਲ ਦਾ ਸੀ। ਉਸਦੀ ਧੀ ਮੁੰਬਈ ਵਿਚ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਜਿਉਂਦੇ ਜੀਅ ਉਸ ਦੇ ਪੋਤਾ-ਪੋਤੀ ਉਡਾਰ ਹੋ ਜਾਣ।

ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਦਾ ਜਵਾਨ ਪੁੱਤ ਕਰੀਬ 2 ਸਾਲ ਪਹਿਲਾਂ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਸੀ। ਉਸ ਦੇ ਮਾਸੂਮ ਪੋਤਾ-ਪੋਤੀ ਨੂੰ ਛੱਡ ਕੇ ਉਸ ਦੀ ਨੂੰਹ ਵੀ ਪੇਕੇ ਚਲੀ ਗਈ। ਇਸ ਲਈ ਉਹ ਇਸ ਉਮਰੇ ਹੱਡ ਭੰਨਵੀਂ ਮਿਹਨਤ ਕਰ ਰਿਹਾ ਹੈ।