Punjab

ਕੈਪਟਨ ਨੇ ਝਾੜਿਆ ਪ੍ਰਸ਼ਾਂਤ ਕਿਸ਼ੋਰ ਤੋਂ ਪੱਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਵਿੱਚ ਭੂਮਿਕਾ ਨੂੰ ਰੱਦ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਸ ਮਸਲੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਜਾਣਕਾਰੀ ਮੁਤਾਬਕ ਕੈਪਟਨ ਦੇ ਪ੍ਰਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤੇ ਗਏ ਪ੍ਰਸ਼ਾਂਤ ਕਿਸ਼ੌਰ ਦੀ ਟਿਕਟਾਂ ਦੀ ਵੰਡ ਵਿੱਚ ਭੂਮਿਕਾ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਰੋਸ ਪਾਇਆ ਜਾ ਰਿਹਾ ਹੈ, ਪਰ ਕੈਪਟਨ ਨੇ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਸਾਰੇ ਸੂਬਿਆਂ ਲਈ ਇੱਕ ਤੈਅ ਪ੍ਰਕਿਰਿਆ ਹੈ, ਜਿਸ ਦੀ ਹਰ ਵਾਰ ਪਾਲਣਾ ਕੀਤੀ ਜਾਂਦੀ ਹੈ।

ਕੈਪਟਨ ਨੇ ਕਿਹਾ ਕਿ ਟਿਕਟਾਂ ਤੈਅ ਕਰਨ ਵਾਲੀ ਕਮੇਟੀ ਅੰਦਰੂਨੀ, ਬਾਹਰੀ ਸੰਸਥਾਵਾਂ, ਏਜੰਸੀਆਂ ਅਤੇ ਪਾਰਟੀ ਦੀ ਸੂਬਾ ਇਕਾਈ ਤੋਂ ਸਲਾਹ ਜ਼ਰੂਰ ਲੈਂਦੀਆਂ ਹਨ। ਇਸੇ ਪ੍ਰਕਿਰਿਆ ਦੀ 2017 ਵਿੱਚ ਪਾਲਣਾ ਕੀਤੀ ਗਈ ਸੀ ਅਤੇ ਇਸੇ ਦੀ 2022 ਵਿੱਚ ਵੀ ਪਾਲਣਾ ਕੀਤੀ ਜਾਵੇਗੀ।