Punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਰਸਮੀ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂ ਦੱਸਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਹਾਮੀ ਤੋਂ ਬਾਅਦ ਉਹ ਪਾਰਟੀ ਦਾ ਨਾਂ ਨਸ਼ਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਲੜਨਗੇ। ਉਨ੍ਹਾਂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਮੁੱਖ ਮੰਤਰੀ ਵਜੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦਾ ਹਿਸਾਬ ਵੀ ਦਿੱਤਾ। ਸਾਬਕਾ ਮੁੱਖ ਮੰਤਰੀ ਜਿਹੜੇ ਕਿ ਪ੍ਰੈੱਸ ਕਾਨਫਰੰਸ ਵਿੱਚ ਪੂਰੀ ਤਿਆਰੀ ਕਰਕੇ ਆਏ ਲੱਗਦੇ ਸਨ, ਨੇ ਵਿਰੋਧੀਆਂ ਨੂੰ ਚੰਗੇ ਰਗੜੇ ਲਾਏ।

ਕੈਪਟਨ ਨੇ ਆਪਣੇ ਵਿਰੋਧੀਆਂ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ (ਕੈਪਟਨ) ‘ਤੇ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ 92 ਫੀਸਦ ਵਾਅਦੇ ਪੂਰੇ ਕੀਤੇ ਹਨ। ਕੈਪਟਨ ਨੇ ਕਿਹਾ ਕਿ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਹੋ ਜਾਂਦੇ।

ਸੁਰੱਖਿਆ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਜਵਾਬ

ਕੈਪਟਨ ਨੇ ਸੁਰੱਖਿਆ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ :

  • ਸਾਢੇ 9 ਸਾਲ ਮੈਂ ਪੰਜਾਬ ਦਾ ਗ੍ਰਹਿ ਮੰਤਰੀ ਰਿਹਾ ਹਾਂ।
  • ਮੈਂ ਸੁਰੱਖਿਆ ਨਾਲ ਜੁੜੀਆਂ ਬਾਰੀਕੀਆਂ ਜਾਣਦਾ ਹਾਂ।
  • ਕੋਈ ਵੀ ਪੰਜਾਬ ਵਿੱਚ ਮੁੜ ਅੱਤ ਵਾਦ ਦਾ ਦੌਰ ਨਹੀਂ ਚਾਹੁੰਦਾ ਅਤੇ ਮੇਰੇ ਲਈ ਪੰਜਾਬ ਦੀ ਸੁਰੱਖਿਆ ਸਭ ਤੋਂ ਅਹਿਮ ਹੈ।
  • ਮੈਂ ਇੱਕ ਫੌਜੀ ਵੀ ਹਾਂ ਪਰ ਵਿਰੋਧੀ ਮੇਰਾ ਮਖੌਲ ਉਡਾ ਰਹੇ ਹਨ। ਮੈਂ 10 ਸਾਲ ਫੌਜ ਵਿੱਚ ਰਿਹਾ ਹਾਂ। ਜੋ ਇੱਕ ਮਹੀਨਾ ਪਹਿਲਾਂ ਮੰਤਰੀ ਬਣੇ, ਉਹ ਮੈਨੂੰ ਸੁਰੱਖਿਆ ਸਿਖਾ ਰਹੇ ਹਨ।

BSF ਨੂੰ ਵੱਧ ਅਧਿਕਾਰ ਦੇਣ ਦੀ ਕੀਤੀ ਹਮਾਇਤ

ਕੈਪਟਨ ਨੇ ਬੀਐੱਸਐੱਫ ਨੂੰ ਵੱਧ ਅਧਿਕਾਰ ਦੇਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਦੀ ਹਮਾਇਤ ਕੀਤੀ। ਕੈਪਟਨ ਨੇ ਕਿਹਾ ਕਿ :

  • ਸੂਬੇ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗ ਰਹੀ ਬਲਕਿ ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਹੈ।
  • ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ‘ਤੇ ਕਬਜ਼ਾ ਨਹੀਂ ਹੋ ਰਿਹਾ।
  • ਪੰਜਾਬ ਪੁਲਿਸ ਪਹਿਲੇ ਦਰਜੇ ਦੀ ਪੁਲਿਸ (First Class Police) ਹੈ ਪਰ ਪੰਜਾਬ ਪੁਲਿਸ ਨੂੰ ਬੀਐੱਸਐੱਫ ਦੀ ਮਦਦ ਦੀ ਲੋੜ ਹੈ।
  • ਬੀਐੱਸਐੱਫ ਤਾਂ ਪੰਜਾਬ ਪੁਲਿਸ ਦੀ ਅਸਿਸਟੈਂਟ ਬਣ ਕੇ ਹੀ ਆ ਰਹੀ ਹੈ।
  • ਪੰਜਾਬ ਪੁਲਿਸ ਸਰਹੱਦਾਂ ‘ਤੇ ਸੁਰੱਖਿਆ ਕਰਨ ਲਈ ਅਜੇ ਟ੍ਰੇਨਡ ਨਹੀਂ ਹੈ।
  • ਪੰਜਾਬ ਪੁਲਿਸ ਨੂੰ ਅਜੇ ਟ੍ਰੇਨਿੰਗ ਦੀ ਲੋੜ ਹੈ।
  • ਸਾਨੂੰ ਨਹੀਂ ਪਤਾ ਕਿ ਡਰੱਗ ਦੇ ਪੈਕੇਟ ਕਿੱਥੋਂ ਆ ਰਹੇ ਹਨ। ਪੰਜਾਬ ਵਿੱਚ ਕਿਵੇਂ ਦਾ ਮਾਹੌਲ ਬਣ ਰਿਹਾ ਹੈ, ਪੰਜਾਬ ਵਿੱਚ ਹਥਿਆਰ ਆ ਰਹੇ ਹਨ, ਨਸ਼ਾ ਆ ਰਿਹਾ ਹੈ, ਡਰੋਨ ਆ ਰਹੇ ਹਨ। ਇਹ ਸੂਬੇ ਦੀ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਸਭ ‘ਤੇ ਨਿਗਰਾਨੀ ਰੱਖੇ। ਮੈਨੂੰ ਪਤਾ ਹੈ ਕਿ ਪੰਜਾਬ ਵਿੱਚ ਕੁੱਝ ਗਲਤ ਹੋ ਰਿਹਾ ਹੈ।
  • ਆਈਐੱਸਆਈ ਅਤੇ ਖਾਲਿਸਤਾਨੀ ਮਿਲ ਕੇ ਦੇਸ਼ ਦੀ ਸ਼ਾਂਤੀ ਭੰਗ ਕਰ ਰਹੇ ਹਨ।
  • ਇਸ ਲਈ ਕੇਂਦਰ ਦੇ ਫੈਸਲੇ ਦਾ ਵਿਰੋਧ ਇੱਕ ਗੈਰ-ਜ਼ਿੰਮੇਵਾਰ ਰਵੱਈਆ ਹੈ।
  • ਬੀਐੱਸਐਫ ਪੰਜਾਬ ‘ਤੇ ਕਬਜ਼ਾ ਕਰਨ ਨਹੀਂ ਆ ਰਹੀ ਬਲਕਿ ਬੀਐੱਸਐੱਫ ਪੰਜਾਬ ਪੁਲਿਸ ਦੀ ਮਦਦ ਲਈ ਆ ਰਹੀ ਹੈ।
  • ਦੇਸ਼ ਦੇ ਕਈ ਸੂਬਿਆਂ ਵਿੱਚ ਇਹ ਫੈਸਲਾ ਲਾਗੂ ਹੋ ਗਿਆ ਹੈ।
  • ਇਸ ਲਈ ਚੰਨੀ ਸਰਕਾਰ ਮੌਜੂਦਾ ਸਥਿਤੀ ਨੂੰ ਨਾ ਛੁਪਾਏ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਸੁਰੱਖਿਆ ‘ਤੇ ਕੋਈ ਰਾਜਨੀਤੀ ਨਹੀਂ ਹੁੰਦੀ।

ਨਵੀਂ ਪਾਰਟੀ ਬਾਰੇ ਕੀਤਾ ਇਹ ਖੁਲਾਸਾ

ਕੈਪਟਨ ਨੇ ਨਵੀਂ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ :

  • ਮੈਂ ਨਵੀਂ ਪਾਰਟੀ ਬਣਾਵਾਂਗਾ ਅਤੇ ਇਸ ‘ਤੇ ਕੰਮ ਚੱਲ ਰਿਹਾ ਹੈ।
  • ਅਜੇ ਪਾਰਟੀ ਦਾ ਨਾਂਅ ਤੈਅ ਨਹੀਂ ਹੋਇਆ।
  • ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ।
  • ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ। ਸਮਾਂ ਆਉਣ ‘ਤੇ ਪਾਰਟੀ ਦਾ ਐਲਾਨ ਕਰਾਂਗੇ।
  • ਮੈਂ ਵਾਅਦਾ ਕਰਦਾ ਹਾਂ ਕਿ ਮੇਰੀ ਪਾਰਟੀ ਸਾਰੀਆਂ 117 ਸੀਟਾਂ ‘ਤੇ ਲੜੇਗੀ।
  • ਸਿੱਧੂ ਜਿੱਥੋਂ ਵੀ ਚੋਣ ਲੜੇਗਾ, ਮੈਂ ਉਸਨੂੰ ਹਰਾਵਾਂਗਾ।
  • ਅਸੀਂ ਕਰੜੀ ਟੱਕਰ ਦੇਵਾਂਗੇ।
  • ਕਈ ਕਾਂਗਰਸੀ ਮੇਰੇ ਸੰਪਰਕ ਵਿੱਚ ਹਨ।

ਚੰਨੀ ਸਰਕਾਰ ‘ਤੇ ਚੁੱਕੇ ਸਵਾਲ

ਕੈਪਟਨ ਨੇ ਚੰਨੀ ਸਰਕਾਰ ਦੇ ਇੱਕ ਮਹੀਨੇ ‘ਤੇ ਬਿਆਨ ਦਿੰਦਿਆਂ ਕਿਹਾ ਕਿ :

  • ਚੰਨੀ ਕੋਲ ਸਿਰਫ ਦੋ ਮਹੀਨੇ ਬਚੇ ਹਨ।
  • ਦੋ ਮਹੀਨਿਆਂ ਵਿੱਚ ਚੰਨੀ ਕੀ ਕਰ ਲੈਣਗੇ।
  • ਚੰਨੀ ਸਿਰਫ ਉਹੀ ਕੰਮ ਕਰ ਰਹੇ ਹਨ ਜੋ ਮੇਰੇ ਰਹਿੰਦਿਆਂ ਪਾਸ ਹੋਏ ਸੀ।

ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਪਿੱਛੇ ਦਾ ਦੱਸਿਆ ਸੱਚ

ਕੈਪਟਨ ਨੇ ਪਿਛਲੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੀਤੀਆਂ ਮੀਟਿੰਗਾਂ ਬਾਰੇ ਵੀ ਖੁਲਾਸਾ ਕੀਤਾ। ਕੈਪਟਨ ਨੇ ਕਿਹਾ ਕਿ :

  • ਮੈਂ ਬੀਜੇਪੀ ਨਾਲ ਨਹੀਂ ਬਲਕਿ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਮੀਟਿੰਗਾਂ ਕਰ ਰਿਹਾ ਹਾਂ ਕਿਉਂਕਿ ਗ੍ਰਹਿ ਮੰਤਰੀ ਦੇ ਨਾਲ ਕਿਸਾਨਾਂ ਦੀ ਗੱਲ ਹੁੰਦੀ ਹੈ।
  • ਉਨ੍ਹਾਂ ਨਾਲ ਮੇਰੀ ਇੱਕ ਜਾਂ ਦੋ ਵਾਰ ਮੁਲਾਕਾਤ ਹੋਈ ਹੈ।
  • ਕਿਸਾਨਾਂ ਦੇ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ ਹੈ।
  • ਕੈਪਟਨ ਨੇ ਸਿੱਧੂ ਦੇ ਇੱਕ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਸੀਐੱਮ ਰਹਿੰਦਿਆਂ ਮੇਰੀ ਕੇਂਦਰ ਨਾਲ ਸਿਰਫ ਪੰਜਾਬ ਦੇ ਮੁੱਦਿਆਂ ‘ਤੇ ਗੱਲ ਹੋਈ ਹੈ।

ਕੈਪਟਨ ਨੇ ਅਰੂਸਾ ਆਲਮ ਬਾਰੇ ਕੀ ਕਿਹਾ

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਵੱਲੋਂ ਅਰੂਸਾ ਆਲਮ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਕੈਪਟਨ ਨੇ ਕਿਹਾ ਕਿ :

  • ਇਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਪੁੱਛੋ।
  • ਕੈਪਟਨ ਨੇ ਕਿਹਾ ਕਿ ਅਰੂਸਾ 16 ਸਾਲਾਂ ਤੋਂ ਭਾਰਤ ਵਿੱਚ ਆਉਂਦੀ ਰਹੀ ਸੀ।
  • ਰੰਧਾਵਾ ਨੂੰ ਮੰਤਰੀ ਰਹਿੰਦਿਆਂ ਉਹ ਕਿਉਂ ਯਾਦ ਨਹੀਂ ਆਈ।
  • ਜਦੋਂ ਤੋਂ ਮੈਂ ਸਰਕਾਰ ਛੱਡੀ ਹੈ, ਉਦੋਂ ਹੀ ਵਿਰੋਧੀਆਂ ਨੂੰ ਸਾਰਾ ਕੁੱਝ ਕਿਉਂ ਯਾਦ ਆ ਰਿਹਾ ਹੈ।

ਇਸ ਮੌਕੇ ਕੈਪਟਨ ਨੇ ਕਿਹਾ ਕਿ ਕੱਲ੍ਹ ਉਹ ਦਿੱਲੀ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਨਵਜੋਤ ਸਿੰਘ ਸਿੱਧੂ ‘ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਅਕਲ ਨਹੀਂ ਹੈ। ਉਹ ਕੁੱਝ ਵੀ ਬੋਲਦਾ ਰਹਿੰਦਾ ਹੈ।