Punjab

ਸਿੱਧੂ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣ ਉਸਦੇ ਸਲਾਹਕਾਰ – ਕੈਪਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਪਿਆਰੇ ਲਾਲ ਗਰਗ ਅਤੇ ਮਲਵਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ। ਪਿਆਰੇ ਲਾਲ ਗਰਗ ਅਤੇ ਮਲਵਿੰਦਰ ਸਿੰਘ ਨੇ ਕਸ਼ਮੀਰ ਤੇ ਪਾਕਿਸਤਾਨ ਨਾਲ ਸਬੰਧਿਤ ਗੰਭੀਰ ਮੁੱਦਿਆਂ ‘ਤੇ ਟਿੱਪਣੀ ਕੀਤੀ ਸੀ, ਜਿਸ ‘ਤੇ ਕੈਪਟਨ ਨੇ ਨਰਾਜ਼ ਹੁੰਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੇਸ਼ ਅਤੇ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰ ਸਕਦੀਆਂ ਹਨ। ਦੋਵਾਂ ਸਲਾਹਕਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਿੱਧੂ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣ ਅਤੇ ਉਨ੍ਹਾਂ ਮੁੱਦਿਆਂ ਬਾਰੇ ਟਿੱਪਣੀਆਂ ਨਾ ਕਰਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਘੱਟ ਜਾਂ ਬਿਲਕੁੱਲ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਸਿੱਧੂ ਨੂੰ ਵੀ ਕਿਹਾ ਕਿ ਉਹ ਆਪਣੇ ਸਲਾਹਕਾਰਾਂ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਵਰਜਣ। ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਨੁਕਤਾਚੀਨੀ ’ਤੇ ਸਵਾਲ ਉਠਾਏ ਸਨ। ਮਲਵਿੰਦਰ ਸਿੰਘ ਮਾਲੀ ਨੇ ਵੀ ਕਸ਼ਮੀਰ ਬਾਰੇ ਟਿੱਪਣੀ ਕੀਤੀ ਸੀ। ਸਿੱਧੂ ਨੇ ਹਾਲ ਹੀ ਵਿੱਚ ਪਿਆਰੇ ਲਾਲ ਗਰਗ ਤੇ ਮਲਵਿੰਦਰ ਸਿੰਘ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਹੋਏ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਟਿੱਪਣੀਆਂ ਤੋਂ ਕਾਫੀ ਖ਼ਫਾ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ।