‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ, ਉੱਥੇ ਹੀ ਆਕਸੀਜਨ ਅਤੇ ਕਰੋਨਾ ਵੈਕਸੀਨ ਘੱਟ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਤੇਜ਼ੀ ਨਾਲ ਘੱਟ ਰਹੀ ਆਕਸੀਜਨ ਦੀ ਸਪਲਾਈ ਦੇ ਮੱਦੇਨਦਜ਼ਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਕੋਟੇ ਦੀ ਵੰਡ ਵਿੱਚ ਤੁਰੰਤ ਵਾਧਾ ਕਰਨ ਲਈ ਹੰਗਾਮੀ ਮਦਦ ਵਾਸਤੇ ਦੋ ਦਿਨਾਂ ਦੇ ਅੰਦਰ ਦੂਜੀ ਵਾਰ ਪੱਤਰ ਭੇਜ ਦਿੱਤਾ ਹੈ।
ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਨਿਰੰਤਰ ਵਾਧੇ ਦੇ ਕਾਰਨ ਪੰਜਾਬ ਦਾ ਲਿਕੁਅਡ ਆਕਸੀਜਨ ਦਾ ਕੋਟਾ ਵਧਾ ਕੇ ਰੋਜ਼ਾਨਾ 250 ਐਮ.ਟੀ. ਤੱਕ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਤੁਰੰਤ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਕੈਪਟਨ ਵੱਲੋਂ ਪ੍ਰਤੀ ਦਿਨ ਘੱਟੋ-ਘੱਟ 250 ਮੀਟਰਕ ਟਨ ਤੱਕ ਲਿਕੁਅਡ ਮੈਡੀਕਲ ਆਕਸੀਜਨ (ਐਲ.ਐਮ.ਓ.) ਵਧਾਉਣ ਦੀ ਕੀਤੀ ਗਈ ਮੰਗ ਦੇ ਬਾਵਜੂਦ ਵੀ ਐਲ.ਐਮ.ਓ. ਨਵੀਂ ਵੰਡ ਦੇ ਮੁਤਾਬਕ ਪੰਜਾਬ ਦਾ ਕੋਟਾ ਵਧਾਉਣ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਤੋਂ ਬਾਅਦ ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਮੁੜ ਤੋਂ ਇੱਕ ਹੋਰ ਪੱਤਰ ਲਿਖਿਆ ਹੈ।
ਕੈਪਟਨ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਬੀਤੇ ਦਿਨ ਅੰਮ੍ਰਿਤਸਰ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ ਵਿੱਚ ਐੱਲ.ਐੱਮ.ਓ. ਉਤਪਾਦਨ ਦੀ ਕੋਈ ਵੱਡੀ ਸਮਰੱਥਾ ਨਹੀਂ ਹੈ ਅਤੇ ਇਹ ਜ਼ਿਆਦਾਤਰ ਸੂਬੇ ਤੋਂ ਬਾਹਰੋਂ ਸਪਲਾਈ `ਤੇ ਨਿਰਭਰ ਹੈ, ਇਸ ਲਈ ਉਨ੍ਹਾਂ ਦੇ ਤੁਰੰਤ ਦਖਲ ਦੀ ਲੋੜ ਹੈ ਕੈਪਟਨ ਨੇ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਭਾਰਤ ਸਰਕਾਰ ਕੋਲ ਜ਼ਰੂਰੀ ਸਪਲਾਈ ਲਈ ਪੈਰਵੀ ਕਰਨ ਅਤੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਮਰੀਜ਼ਾਂ ਦੀ ਗਿਣਤੀ ਵਧਣ ਅਤੇ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਿਆਂ ਮੈਡੀਕਲ ਆਕਸੀਜਨ ਵਧਾਉਣ ਦੀ ਮੰਗ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਵਿਨੀ ਮਹਾਜਨ ਨੂੰ ਅੰਮ੍ਰਿਤਸਰ ਲਈ ਜ਼ਰੂਰੀ ਸਪਲਾਈ ਭੇਜਣ ਵਾਸਤੇ ਕਿਹਾ ਹੈ, ਜਿੱਥੇ ਪਿਛਲੇ ਦਿਨੀਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕਰੀਬ ਛੇ ਲੋਕਾਂ ਦੀ ਮੌਤ ਹੋ ਗਈ ਸੀ। ਕੈਪਟਨ ਨੇ ਉਦਯੋਗ ਦੇ ਪ੍ਰਮੁੱਖ ਸਕੱਤਰ ਕੋਲੋਂ ਸੂਬੇ ਵਿੱਚ ਹਸਪਤਾਲਾਂ ਅਨੁਸਾਰ ਆਕਸੀਜਨ ਦੀ ਮੰਗ-ਸਪਲਾਈ ਦੀ ਸਥਿਤੀ ਬਾਰੇ ਹਰੇਕ ਚਾਰ ਘੰਟੇ ਦੀ ਰਿਪੋਰਟ ਮੰਗੀ ਹੈ।