Punjab

PM ਦੇ ਫੈਸਲੇ ਦਾ CM ਨੇ ਲਿਆ ਸਿਹਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬਿਆਂ ਨੂੰ ਮੁਫਤ ਵੈਕਸੀਨੇਸ਼ਨ ਮੁਹੱਈਆ ਕਰਵਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ‘ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਅਤੇ ਸਾਰੇ ਉਮਰ ਵਰਗ ਲਈ ਵੈਕਸੀਨ ਦੀ ਖਰੀਦ ਅਤੇ ਵੰਡ ਦਾ ਫੈਸਲਾ ਲਿਆ ਹੈ। ਮੈਂ ਨਿੱਜੀ ਤੌਰ ‘ਤੇ ਨਰਿੰਦਰ ਮੋਦੀ ਨੂੰ ਇਸ ਮੁੱਦੇ ‘ਤੇ ਦੋ ਵਾਰ ਲਿਖਿਆ ਸੀ ਅਤੇ ਕੋਵਿਡ ਵੈਕਸੀਨ ਸੰਕਟ ਨਾਲ ਨਜਿੱਠਣ ਲਈ ਇਹੀ ਹੱਲ ਦੱਸਿਆ ਸੀ। ਕੇਂਦਰ ਸਰਕਾਰ ਦੇ ਇਸ ਕਦਮ ਦੇ ਨਾਲ ਵੈਕਸੀਨ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਪੰਜਾਬ ਸਮੇਤ ਹੋਰ ਸੂਬੇ ਆਪਣੇ ਲੋਕਾਂ ਨੂੰ ਛੇਤੀ ਵੈਕਸੀਨ ਲਗਾ ਸਕਣਗੇ। ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ’।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਆਪਣੇ ਦੇਸ਼ ਦੇ ਨਾਂ ਸੰਬੋਧਨ ਦੌਰਾਨ ਸਾਰੇ ਸੂਬਿਆਂ ਨੂੰ ਮੁਫਤ ਵੈਕਸੀਨੇਸ਼ਨ ਦੇਣ ਦਾ ਐਲਾਨ ਕੀਤਾ ਸੀ। ਇਹ ਕਾਰਜ 21 ਜੂਨ ਤੋਂ ਅਭਿਆਨ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇਗਾ। 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਇਸ ਦਿਨ ਤੋਂ ਮੁਫਤ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਦਿਨ ਵਿਸ਼ਵ ਯੋਗ ਦਿਵਸ ਵੀ ਹੈ।