‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਨੇ ਆਪਣਾ ਅਸਤੀਫਾ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਕੈਪਟਨ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਹੈ। ਕੈਪਟਨ ਨੇ ਕਿਹਾ ਕਿ ਮੇਰੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਅਤੇ ਹਾਈਕਮਾਨ ਨੇ ਮੈਨੂੰ ਪੂਰਾ ਮਾਨ ਸਨਮਾਨ ਨਹੀਂ ਦਿੱਤਾ। ਇਸਦੇ ਨਾਲ ਹੀ ਕੈਪਟਨ ਨੇ ਆਪਣੀ ਨਵੀਂ ਪਾਰਟੀ ਦਾ ਵੀ ਐਲਾਨ ਕਰ ਦਿੱਤਾ ਹੈ। ਕੈਪਟਨ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ ਪਾਰਟੀ’ ਹੈ। ਕੈਪਟਨ ਨੇ ਕਿਹਾ ਕਿ ਪਾਰਟੀ ਦੇ ਚੋਣ ਨਿਸ਼ਾਨ ਨੂੰ ਹਾਲੇ ਮਾਨਤਾ ਮਿਲਣੀ ਬਾਕੀ ਹੈ।
ਕੈਪਟਨ ਨੇ ਸੋਨੀਆ ਗਾਂਧੀ ਨੂੰ ਸੱਤ ਪੰਨਿਆਂ ਦਾ ਅਸਤੀਫ਼ਾ ਭੇਜਿਆ ਹੈ। ਕੈਪਟਨ ਨੇ ਅਸਤੀਫ਼ੇ ਵਿੱਚ ਕਿਹਾ ਕਿ ਸਾਢੇ ਚਾਰ ਸਾਲ ਮੈਂ ਵਧੀਆ ਸਰਕਾਰ ਚਲਾਈ ਹੈ ਅਤੇ ਚੋਣ ਮੈਨੀਫੈਸਟੋ ਦੇ 92 ਫੀਸਦ ਵਾਅਦੇ ਮੈਂ ਪੂਰੇ ਕੀਤੇ ਹਨ।
ਕੈਪਟਨ ਦੇ ਅਸਤੀਫ਼ੇ ਦੀਆਂ ਖ਼ਾਸ ਗੱਲਾਂ
- ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਪ੍ਰਸਤ ਦੱਸਿਆ ਹੈ।
- ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਹੁੰਦਿਆਂ ਜਨਤਕ ਤੌਰ ‘ਤੇ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਬਾਜਵਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੱਫ਼ੀ ਪਾਈ ਸੀ।
- ਖਾਨ ਅਤੇ ਬਾਜਵਾ ਉਹੀ ਲੋਕ ਹਨ, ਜਿਨ੍ਹਾਂ ਦਾ ਪੰਜਾਬ ਵਿੱਚ ਅੱਤਵਾਦੀ ਭੇਜਣ ਪਿੱਛੇ ਹੱਥ ਹੈ।
- ਸਿੱਧੂ ਨੇ ਲਗਾਤਾਰ ਮੇਰੇ ਅਤੇ ਮੇਰੀ ਪਾਰਟੀ ਨਾਲ ਦੁਰਵਿਵਹਾਰ ਕੀਤਾ ਹੈ।
- ਸਿੱਧੂ ਨੇ ਮੇਰੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ। ਮੈਂ ਉਸਦੇ ਪਿਤਾ ਦੀ ਉਮਰ ਸਮਾਨ ਸੀ।
- ਰਾਹੁਲ ਤੇ ਪ੍ਰਿਅੰਕਾ ਸਿੱਧੂ ਨੂੰ ਹਮੇਸ਼ਾ ਸ਼ਹਿ ਦਿੰਦੇ ਰਹੇ ਹਨ।
- ਪਰ ਤੁਸੀਂ ਮੇਰੇ ਘਟਨਾਕ੍ਰਮ ‘ਤੇ ਅੱਖਾਂ ਬੰਦ ਕਰ ਲਈਆਂ।
- ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਿੱਧੂ ਇੱਕ ਅਸਥਿਰ ਮਨ (Unstable mind) ਵਾਲਾ ਬੰਦਾ ਹੈ ਪਰ ਉਦੋਂ ਤੁਸੀਂ ਮੇਰੇ ਇਸ ਸੁਝਾਅ ‘ਤੇ ਕੋਈ ਗੌਰ ਨਹੀਂ ਕੀਤਾ। ਮੈਨੂੰ ਉਮੀਦ ਹੈ ਕਿ ਹੁਣ ਤੁਸੀਂ ਆਪਣੇ ਫੈਸਲੇ ‘ਤੇ ਪਛਤਾ ਰਹੇ ਹੋਵੋਗੇ।
- ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਰਹਿੰਦਿਆਂ ਵੀ 14 ਸਾਲ ਬੀਜੇਪੀ ਨਾਲ ਰਲਿਆ ਹੋਇਆ ਸੀ।
- ਮੈਂ ਅਜੇ ਨਾ ਥੱਕਿਆ ਹਾਂ ਅਤੇ ਨਾ ਰਿਟਾਇਰਡ ਹੋ ਰਿਹਾ ਹਾਂ।
- ਤੁਸੀਂ ਪੰਜਾਬ ਨੂੰ ਗੈਰ ਤਜ਼ਰਬੇਕਾਰ ਹੱਥਾਂ ਵਿੱਚ ਸੌਂਪਿਆ ਹੈ।
- ਮੈਂ ਇਹ ਸੋਚ ਕੇ ਚਿੰਤਤ ਹਾਂ ਕਿ ਇਹ ਲੋਕ ਮੇਰੇ ਸੂਬੇ ਦੀ ਸੁਰੱਖਿਆ ਨੂੰ ਕਿਵੇਂ ਧਿਆਨ ਵਿੱਚ ਰੱਖਣਗੇ।
- ਪੰਜਾਬ ਨੂੰ ਬਹੁਤ ਸਾਰੀਆਂ ਅੱਤਵਾਦੀ ਧਮਕੀਆਂ ਮਿਲਦੀਆਂ ਹਨ।
- ਕੈਪਟਨ ਨੇ ਆਪਣੇ ਅਸਤੀਫ਼ੇ ਵਿੱਚ ਪੀਪੀਏ, ਰੇਤ ਮਾਫੀਆ ਦਾ ਵੀ ਜ਼ਿਕਰ ਕੀਤਾ ਹੈ।
- ਕੈਪਟਨ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ‘ਤੇ ਲਾਏ ਇਲਜ਼ਾਮ ਹਨ।
- ਕਈ ਮੰਤਰੀ ਰੇਤ ਮਾਫੀਆ ਨਾਲ ਰਲੇ ਹੋਏ ਹਨ।
- ਮੇਰੀ ਸਰਕਾਰ ਵਿੱਚ ਵੀ ਕਈ ਮੰਤਰੀ ਇਸ ਕਾਰੋਬਾਰ ਵਿੱਚ ਸਨ।
- ਪਾਰਟੀ ਨੂੰ ਦੇਖਦੇ ਹੋਏ ਮੈਂ ਕੋਈ ਕਾਰਵਾਈ ਨਹੀਂ ਕੀਤੀ ਸੀ।
- ਮੈਂ ਜਲਦ ਹੀ ਅਜਿਹੇ ਮੰਤਰੀਆਂ ਦੀ ਸੂਚੀ ਜਨਤਕ ਕਰਾਂਗਾ।
- ਮੇਰੀ ਹੀ ਪਾਰਟੀ ਵੱਲੋਂ ਕਿਸਾਨਾਂ ਦਾ ਮੁੱਦਾ ਐੱਨਡੀਏ / ਬੀਜੇਪੀ ਕੋਲ ਉਠਾਉਣ ਲਈ ਮੇਰੇ ‘ਤੇ ਨਿਸ਼ਾਨੇ ਕੱਸੇ ਗਏ, ਸਵਾਲ ਕੀਤੇ ਗਏ।
- ਮੇਰੇ ਖਿਲਾਫ ਅੱਧੀ ਰਾਤ ਨੂੰ ਸਾਜਿਸ਼ ਰਚੀ ਗਈ ਜਦੋਂ ਸੀਐੱਲਪੀ ਦੀ ਮੀਟਿੰਗ ਸੱਦੀ ਗਈ।
- ਮੈਨੂੰ ਸੀਐੱਲਪੀ ਮੀਟਿੰਗ ਦਾ ਪਤਾ ਸਵੇਰੇ ਲੱਗਾ ਜਦੋਂ ਮੇਰੇ ਸਾਥੀ ਨੇ ਮੈਨੂੰ ਇਸ ਬਾਰੇ ਦੱਸਿਆ ਕਿਉਂਕਿ ਟਵਿੱਟਰ ਰਾਹੀਂ ਦੇਰ ਰਾਤ ਇਹ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ।
- ਤੁਸੀਂ ਅਗਲੀ ਸਵੇਰ ਹੀ 10:15 ਵਜੇ ਮੈਨੂੰ ਬੁਲਾ ਕੇ ਅਸਤੀਫ਼ਾ ਦੇਣ ਲਈ ਕਿਹਾ ਅਤੇ ਮੈਂ ਬਿਨਾਂ ਕਿਸੇ ਦੇਰੀ ਤੋਂ ਅਸਤੀਫ਼ਾ ਦੇ ਦਿੱਤਾ।
- ਤੁਸੀਂ ਮੈਨੂੰ ਅਤੇ ਮੇਰੇ ਚਰਿੱਤਰ ਨੂੰ ਨਹੀਂ ਸਮਝ ਸਕਦੇ।
- ਮੈਨੂੰ ਤੁਹਾਡੇ ਬੱਚਿਆਂ ਦੇ ਵਿਵਹਾਰ ਤੋਂ ਬਹੁਤ ਦੁੱਖ ਪਹੁੰਚਿਆ ਹੈ।