The Khalas Tv Blog Punjab ਕੈਪਟਨ ਨੂੰ ਕਿਉਂ ਕਿਹਾ “ਅਲੀ ਬਾਬਾ ਚਾਲੀ ਚੋਰ”
Punjab

ਕੈਪਟਨ ਨੂੰ ਕਿਉਂ ਕਿਹਾ “ਅਲੀ ਬਾਬਾ ਚਾਲੀ ਚੋਰ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਨਾਲ ਸੂਬੇ ਅੰਦਰ ਨਵੇਂ ਸਮੀਕਰਨ ਉੱਭਰ ਆਏ ਹਨ। ਉਂਝ ਉਨ੍ਹਾਂ ਨੇ ਨਵੀਂ ਪਾਰਟੀ ਬਣਾਉਣ ਦਾ ਇਤਿਹਾਸ ਤਿੰਨ ਦਹਾਕਿਆਂ ਬਾਅਦ ਦੁਹਰਾਇਆ ਹੈ। ਕੱਲ੍ਹ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਉਨ੍ਹਾਂ ਨੇ ਪਹਿਲੀ ਵਾਰ ਨਹੀਂ ਖੜੀ ਕੀਤੀ, ਇਸ ਤੋਂ ਪਹਿਲਾਂ 1991 ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਦੀ ਪਾਰਟੀ ਵੀ ਬਣਾ ਚੁੱਕੇ ਹਨ। ਨਵੀਂ ਪਾਰਟੀ ਦੇ ਗਠਨ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਛੱਡਣ ਦਾ ਐਲਾਨ ਵੀ ਕੀਤਾ। ਇਹ ਚੌਥੀ ਵਾਰ ਹੈ ਜਦੋਂ ਕਿ ਅਹੁਦਾ ਜਾਂ ਪਾਰਟੀ ਛੱਡ ਰਹੇ ਹਨ। ਬਲੂ ਸਟਾਰ ਆਪਰੇਸ਼ਨ ਦੇ ਖਿਲਾਫ ਲੋਕ ਸਭਾ ਦੀ ਮੈਂਬਰੀ ਛੱਡਣ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਫੇਰ ਉਨ੍ਹਾਂ ਨੇ ਬਲੂ ਥੰਡਰ ਦੇ ਰੋਸ ਵਜੋਂ ਬਰਨਾਲਾ ਸਰਕਾਰ ਤੋਂ ਅਸਤੀਫ਼ਾ ਦਿੱਤਾ। ਅੱਜ 30 ਸਾਲਾਂ ਬਾਅਦ ਉਨ੍ਹਾਂ ਨੇ ਮੁੜ ਪੁਰਾਣਾ ਇਤਿਹਾਸ ਦੁਹਰਾਇਆ ਹੈ।

ਉਨ੍ਹਾਂ ਵੱਲੋਂ ਨਵੀਂ ਪਾਰਟੀ ਦੇ ਗਠਨ ਜਾਂ ਕਾਂਗਰਸ ਛੱਡਣ ਨਾਲੋਂ ਵੱਧ ਚਰਚਾ ਉਨ੍ਹਾਂ ਵੱਲੋਂ ਸੋਨੀਆ ਗਾਂਧੀ ਨੂੰ ਭੇਜੇ ਪੱਤਰ ਦੀ ਸ਼ਬਦਾਵਲੀ ਦੀ ਹੋ ਰਹੀ ਹੈ। ਉਨ੍ਹਾਂ ਨੇ ਸੱਤ ਪੰਨਿਆਂ ਦੇ ਭੇਜੇ ਅਸਤੀਫ਼ੇ ਵਿੱਚ ਜਿੱਥੇ ਮੁੱਖ ਮੰਤਰੀ ਵਜੋਂ ਆਪਣੀਆਂ ਪ੍ਰਾਪਤੀਆਂ ਦਾ ਗੁਣ-ਗਾਣ ਕੀਤਾ ਹੈ, ਉੱਥੇ ਹੀ ਆਪਣੇ ਵਿਰੋਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੀ ਵਰ੍ਹੇ ਹਨ। ਉਨ੍ਹਾਂ ਨੇ ਰੋਸ ਪ੍ਰਗਟ ਕੀਤਾ ਕਿ ਸਿੱਧੂ ਨੇ ਕਦੇ ਵੀ ਉਨ੍ਹਾਂ ਦੀ ਉਮਰ ਦਾ ਖਿਆਲ ਨਹੀਂ ਰੱਖਿਆ। ਨਾਲ ਹੀ ਲਿਖਿਆ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਜਿਸ ਸਾਜਿਸ਼ ਨਾਲ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਸੀ, ਉਸ ਨਾਲ ਉਹ ਬੇਇੱਜ਼ਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨਿੱਘੇ ਰਿਸ਼ਤਿਆਂ ਦਾ ਹਵਾਲਾ ਦਿੰਦਿਆਂ ਗਾਂਧੀ ਪਰਿਵਾਰ ਦੇ ਬੱਚਿਆਂ ਵੱਲੋਂ ਵਿਖਾਏ ਤੇਵਰਾਂ ‘ਤੇ ਗਿਲਾ ਜ਼ਾਹਿਰ ਕੀਤਾ ਹੈ।

ਪੱਤਰ ਵਿੱਚ ਉਹ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਪੋਤੜੇ ਫਰੋਲਦਿਆਂ ਅਸਿੱਧੇ ਤੌਰ ‘ਤੇ ਆਪਣੇ ਆਪ ਨੂੰ ਲਪੇਟੇ ਵਿੱਚ ਲੈ ਗਏ ਹਨ। ਉਨ੍ਹਾਂ ਨੇ ਕਹਿ ਦਿੱਤਾ ਕਿ ਕਾਂਗਰਸ ਦੇ ਕਈ ਵਿਧਾਇਕਾਂ ਅਤੇ ਵਜ਼ੀਰਾਂ ਦੇ ਨਾਂ ਰੇਤ ਮਾਫੀਆ ਨਾਲ ਜੁੜਦੇ ਹਨ। ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਮੰਨਿਆ ਕਿ ਮੁੱਖ ਮੰਤਰੀ ਹੁੰਦਿਆਂ ਸਾਰਾ ਕੁੱਝ ਉਨ੍ਹਾਂ ਦੇ ਧਿਆਨ ਵਿੱਚ ਸੀ ਪਰ ਉਹ ਆਪਣੀ ਕੁਰਸੀ ਬਚਾਉਣ ਲਈ ਅੱਖਾਂ ਮੀਚ ਕੇ ਰੱਖਦੇ ਰਹੇ। ਇਹ ਦੱਸਣਾ ਦਿਲਚਸਪ ਹੋਵੇਗਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਕਾਰਨ ਉਨ੍ਹਾਂ ਦਾ ਸਿੰਘਾਸਨ ਹਿੱਲਣ ਲੱਗਾ ਸੀ ਤਦ ਵੀ ਉਹ ਮੰਤਰੀਆਂ ਨੂੰ ਹਾਈਕਮਾਂਡ ਕੋਲ ਸ਼ਇਕਾਇਤ ਲਾਉਣ ਦਾ ਡਰਾਵਾ ਦੇ ਕੇ ਆਪਣੇ ਹੱਕ ਵਿੱਚ ਭੁਗਤਾਉਂਦੇ ਰਹੇ। ਕੈਪਟਨ ਦੇ ਇਸ ਕੁਮੈਂਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੈਪਟਨ ਦਾ ਵਾਹਵਾ “ਅਲੀ ਬਾਬਾ ਚਾਲੀ ਚੋਰ” ਲਿਖ ਕੇ ਮਜ਼ਾਕ ਉਡਾਇਆ ਗਿਆ ਹੈ।

ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਖੜੀ ਕਰਨ ਅਤੇ ਗਾਂਧੀ ਪਰਿਵਾਰ ਦੇ ਬਖੀਏ ਉਧੇੜਨ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਵਿੱਚ ਮੁੜ ਸ਼ਾਮਿਲ ਹੋਣ ਦੀ ਗੂੰਜਾਇਸ਼ ਖਤਮ ਹੋ ਗਈ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਾਲੇ ਵਿੱਚ ਕਿਹੜੇ-ਕਿਹੜੇ ਆਗੂ ਖੜਦੇ ਹਨ। ਭਾਜਪਾ ਨਾਲ ਹੱਥ ਮਿਲਾਉਣ ਦੀਆਂ ਕਨਸੋਆਂ ਕੈਪਟਨ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਦੂਜੇ ਪਾਸੇ ਕਾਂਗਰਸ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਰੋਕਣ ਲਈ ਪੂਰਾ ਜ਼ੋਰ ਲਾਉਣ ਲੱਗੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਆਪਣੇ ਪਤੀ ਦੇ ਬੇੜੇ ਵਿੱਚ ਸਵਾਰ ਹੁੰਦੇ ਹਨ ਜਾਂ ਕਾਂਗਰਸ ਵਿੱਚ…ਇਹ ਵੱਡਾ ਸਵਾਲ ਹੈ।

Exit mobile version