‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ 16 ਆਰ.ਆਰ/11 ਸਿੱਖ ਦੇ ਸਿਪਾਹੀ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਲਵਪ੍ਰੀਤ ਸਿੰਘ 20 ਅਗਸਤ ਨੂੰ ਜੰਮੂ-ਕਸ਼ਮੀਰ ਵਿੱਚ ਸੂਰਨਕੋਟ (ਪੁੰਛ ਸੈਕਟਰ) ਵਿਖੇ ਆਪਣੀ ਡਿਊਟੀ ਉੱਤੇ ਗਸ਼ਤ ਕਰਦੇ ਸਮੇਂ ਪੈਰ ਤਿਲਕਣ ਕਾਰਨ ਡੂੰਘੀ ਖੱਡ ਵਿੱਚ ਡਿੱਗ ਗਿਆ ਸੀ। ਕੈਪਟਨ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਦਾ ਪੂਰਨ ਸਮਰਪਣ ਅਤੇ ਜਾਨ ਦੀ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਵਧੇਰੇ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗੀ।
ਲਵਪ੍ਰੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਹਿਸੀਲ ਬਟਾਲਾ ਦੇ ਪਿੰਡ ਮਾੜੀ ਟਾਂਡਾ ਦਾ ਵਸਨੀਕ ਸੀ। ਉਹ ਆਪਣੇ ਪਿੱਛੇ ਪਿਤਾ ਜਸਵਿੰਦਰ ਸਿੰਘ, ਜੋ ਸਾਬਕਾ ਸੂਬੇਦਾਰ ਹਨ, ਮਾਤਾ ਰਵਿੰਦਰ ਕੌਰ ਅਤੇ ਭਰਾ ਸਿਪਾਹੀ ਮਨਪ੍ਰੀਤ ਸਿੰਘ, ਜੋ 10 ਸਿੱਖ ਵਿੱਚ ਸੇਵਾ ਨਿਭਾਅ ਰਹੇ ਹਨ, ਨੂੰ ਛੱਡ ਗਏ ਹਨ।