Punjab

ਪੁਲਿਸ ਦੇ ਪੇਪਰਾਂ ‘ਚ ਧੋਖਾਧੜੀ ਕਰਨ ਵਾਲਿਆਂ ਦੀ ਖ਼ੈਰ ਨਹੀਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੁਲਿਸ ਮੁਖੀ ਨੂੰ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ ਉੱਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੀਖਿਆ ਦੇ ਪੇਪਰ ਲੀਕ ਹੋਣ, ਧੋਖਾਧੜੀ ਅਤੇ ਨਕਲ ਆਦਿ ਦੇ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਧੋਖੇਬਾਜ਼ਾਂ ਤੇ ਘੁਟਾਲੇਬਾਜ਼ਾਂ ਵੱਲੋਂ ਇਮਤਿਹਾਨ ਪ੍ਰੀਕਿਰਿਆ ਨੂੰ ਲੀਹੋਂ ਲਾਹੁਣ ਤੇ ਸਾਬੋਤਾਜ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਵਿੱਚ ਸੁੱਰਖਿਆ ਕਦਮ ਹੋਰ ਸਖ਼ਤ ਕਰਨ ਲਈ ਆਖਿਆ ਹੈ।

ਦਰਅਸਲ, 17 ਤੋਂ 24 ਅਗਸਤ, 2021 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਬਲੂਟੁੱਥ ਨਾਲ ਸੰਪਰਕ ਸਾਧ ਕੇ ਧੋਖਾਧੜੀ ਕਰਨ ਦੇ ਸਬੰਧ ਵਿੱਚ ਖੰਨਾ ਪੁਲੀਸ ਵੱਲੋਂ ਛੇ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਸੰਦਰਭ ਵਿੱਚ ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ ਤਾਂ ਕਿ ਇੰਟਰਨੈੱਟ ਜਾਂ ਬਲੂਟੁੱਥ ਦੇ ਅਮਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।