Punjab

ਕੈਪਟਨ ਫਿਰ ਹੋਏ ਪਾਕਿਸਤਾਨ ਦੇ ਦੁਆਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਵਿਖੇ ਤਿਰੰਗਾ ਲਹਿਰਾਇਆ। ਕੈਪਟਨ ਕਿਸੇ ਨਾ ਕਿਸੇ ਬਹਾਨੇ ਪਾਕਿਸਤਾਨ ‘ਤੇ ਨਿਸ਼ਾਨਾ ਕੱਸਣਾ ਨਹੀਂ ਛੱਡਦੇ। ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਵਿੱਚ ਕੈਪਟਨ ਨੇ ਪਾਕਿਸਤਾਨ ਨੂੰ ਸਿੱਧੇ ਹੱਥੀਂ ਲੈਂਦਿਆਂ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਪਾਕਿਸਤਾਨ ਨੂੰ ਆਪਣੀ ਧਰਤੀ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪਾਕਿਸਤਾਨ ਅਜਿਹੀ ਹਿੰਮਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਨ੍ਹਾਂ (ਪਾਕਿਸਤਾਨ) ਨੂੰ ਜੀਵਨ ਭਰ ਦਾ ਸਬਕ ਸਿਖਾਵਾਂਗੇ।

45 ਸਟੇਟ ਐਵਾਰਡੀਆਂ ਨੂੰ ਕੀਤਾ ਸਨਮਾਨਿਤ

ਇਸ ਮੌਕੇ ਕੈਪਟਨ ਨੇ ਸਮਾਜ ਪ੍ਰਤੀ ਮਹੱਤਵਪੂਰਨ ਯੋਗਦਾਨ ਪਾਉਣ ਅਤੇ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਲਈ 45 ਸਟੇਟ ਐਵਾਰਡੀਆਂ ਨੂੰ ਸਰਟੀਫਿਕੇਟ, ਸ਼ਾਲ ਅਤੇ ਮੈਡਲ ਨਾਲ ਸਨਮਾਨਿਤ ਕੀਤਾ। ਸਾਲ 2020 ਲਈ ਇਹ ਐਵਾਰਡ ਇਸ ਤੋਂ ਪਹਿਲਾਂ ਕੋਵਿਡ ਕਾਰਨ ਨਹੀਂ ਦਿੱਤੇ ਜਾ ਸਕੇ ਸਨ। ਇਸ ਮੌਕੇ ਕੈਪਟਨ ਨੇ ਜੌੜਾ ਫਾਟਕ ਵਿਖੇ ਅੰਮ੍ਰਿਤਸਰ ਰੇਲ ਹਾਦਸੇ ਦੇ 34 ਪੀੜਤਾਂ ਦੇ ਹਰੇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਸੌਂਪੇ।