Punjab

ਘਰ ਵਾਪਸੀ : ਕੈਪਟਨ ਦੀਆਂ ਤਾਂ ਪੰਜੇ ਉਂਗਲਾਂ ਘਿਉ ‘ਚ ਲੱਗਦੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਚਰਚਾ ਵਿੱਚ ਹਨ। ਕਈ ਦਿਨਾਂ ਦੀ ਚੁੱਪ ਤੋਂ ਬਾਅਦ ਕੱਲ੍ਹ ਤੋਂ ਉਨ੍ਹਾਂ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਕੰਨਸੋਆਂ ਕੰਨੀ ਪੈਣ ਲੱਗੀਆਂ ਹਨ। ਚਰਚਾ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਮੁੜ ਸ਼ਾਮਿਲ ਹੋਣ ਨਾਲ ਹੋਈ। ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀਆਂ ਨਾਲ ਹੋਈ ਮੀਟਿੰਗ ਨੇ ਛੇੜੀ ਹੈ। ਪਿੱਛੋਂ ਕੈਪਟਨ ਦੀ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਨਾਲ ਮੀਟਿੰਗ ਦੀ ਖ਼ਬਰ ਵੀ ਬਜ਼ਾਰ ਵਿੱਚ ਗਰਮ ਰਹੀ। ਹਾਲਾਂਕਿ, ਸਾਬਕਾ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। ਸਿਆਸੀ ਮਾਹਿਰ ਤਾਂ ਕਾਂਗਰਸ ਦੇ ਪ੍ਰਧਾਨ ਅਤੇ ਕੈਪਟਨ ਦੇ ਸਿਆਸੀ ਦੁਸ਼ਮਣ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਸਾਬਕਾ ਮੁੱਖ ਮੰਤਰੀ ਦੀ ਕੀਤੀ ਸਿਫ਼ਤ ਵੇਲੇ ਹੀ ਗਿਣਤੀ ਮਿਣਤੀ ਸ਼ੁਰੂ ਕਰਨ ਲੱਗ ਪਏ ਸਨ। ਖ਼ਬਰ ਲਿਖਦਿਆਂ ਹੀ ਇੱਕ ਹੋਰ ਅਹਿਮ ਜਾਣਕਾਰੀ ਵੀ ਸਾਡੇ ਨਿਊਜ਼ ਟੇਬਲ ‘ਤੇ ਆ ਡਿੱਗੀ ਹੈ ਕਿ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਕੈਪਟਨ ਦੀ ਵਾਪਸੀ ਲਈ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਆ ਰਹੇ ਹਨ।

ਦੂਜੇ ਪਾਸੇ ਚਰਚਾ ਤਾਂ ਇਹ ਵੀ ਛਿੜ ਹੀ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਚਾਰ ਦਿਨ ਬਾਅਦ ਲਾਂਚ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਨਾਲ ਸੀਟਾਂ ਦੇ ਲੈਣ-ਦੇਣ ਦਾ ਰੇੜਕਾ ਮੁਕਾ ਲੈਣਗੇ। ਉਂਝ, ਇੱਥੇ ਇਹ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੈਪਟਨ ਨੂੰ ਘਾਹ ਪਾਉਣ ਤੋਂ ਹਟ ਗਏ ਹਨ। 10 ਦਿਨ ਪਹਿਲਾਂ ਜਦੋਂ ਕੈਪਟਨ ਦਿੱਲੀ ਅਮਿਤ ਸ਼ਾਹ ਨੂੰ ਮਿਲਣ ਗਏ ਤਾਂ ਉਹ ਗੁਜਰਾਤ ਲਈ ਨਿਕਲ ਗਏ ਸਨ। ਹੁਣ 10 ਦਿਨਾਂ ਤੋਂ ਕੈਪਟਨ ਗ੍ਰਹਿ ਮੰਤਰੀ ਦਫ਼ਤਰ ਦੀ ਘੰਟੀ ਖੜਕਣ ਦੀ ਉਡੀਕ ਵਿੱਚ ਫੋਨ ਕੋਲ ਰੱਖੀ ਬੈਠੇ ਹਨ। ਇੱਕ ਹੋਰ ਪਾਸਿਉਂ ਇਹ ਵੀ ਹਵਾ ਦਾ ਬੁੱਲ੍ਹਾ ਆ ਰਿਹਾ ਹੈ ਕਿ ਕੈਪਟਨ ਨਾ ਘਰ ਦਾ ਰਿਹਾ ਨਾ ਘਾਟ ਦਾ। ਪਾਣੀ ਨਿੱਤਰਨ ਨੂੰ ਦਿਨ ਲੱਗ ਸਕਦੇ ਹਨ।

ਭਾਰਤੀ ਚੋਣ ਕਮਿਸ਼ਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਮਾਨਤਾ ਲਈ ਚਿੱਠੀ ਨਾ ਮਿਲਣ ਦੀ ਸੂਚਨਾ ਇੱਕ ਨਵੇਂ ਸਿਆਸੀ ਝੂਠ ਵੱਲ ਇਸ਼ਾਰਾ ਕਰਦੀ ਨਜ਼ਰ ਆ ਰਹੀ ਹੈ। ਉਂਝ ਚੋਣ ਕਮਿਸ਼ਨ ਵਾਲੀ ਸੂਹ ਦੀ ਹਾਲੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ।