‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਰਹੱਦ ਪਾਰ ਤੋਂ ਸੂਬੇ ਦੀ ਸੁਰੱਖਿਆ ਲਈ ਵੱਧ ਰਹੇ ਖਤਰੇ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਤੁਰੰਤ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ 25 ਕੰਪਨੀਆਂ ਅਤੇ ਸੀਮਾ ਸੁਰੱਖਿਆ ਬਲ ਲਈ ਡਰੋਨ ਵਿਰੋਧੀ ਯੰਤਰ ਮੁਹੱਈਆ ਕਰਵਾਉਣ, ਤਾਂ ਜੋ ਪਾਕਿ ਸਮਰਥਿਤ ਅੱਤਵਾਦੀ ਤਾਕਤਾਂ ਤੋਂ ਸੁਰੱਖਿਆ ਹੋ ਸਕੇ।
ਸੂਬੇ ਵਿੱਚ ਹਾਲ ਹੀ ਵਿੱਚ ਭਾਰੀ ਮਾਤਰਾ ਵਿੱਚ ਹਥਿਆਰਾਂ, ਹੈਂਡ ਗ੍ਰੇਨੇਡਾਂ ਅਤੇ ਆਈਈਡੀ ਦੀ ਆਮਦ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ ਨੇ ਵੀ ਸੁਤੰਤਰਤਾ ਦਿਵਸ ਤੋਂ ਪਹਿਲਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਕਾਰਵਾਈਆਂ ਕੀਤੀਆਂ ਹਨ।ਮੁੱਖ ਮੰਤਰੀ ਨੇ ਮੀਟਿੰਗ ਵਿੱਚ ਸ਼ਾਹ ਨੂੰ ਦੱਸਿਆ ਸੁਰੱਖਿਆ ਸਥਿਤੀ ਗੰਭੀਰ ਹੈ ਤੇ ਕੇਂਦਰ ਦੇ ਤੁਰੰਤ ਦਖਲ ਦੀ ਵੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਅਤੇ ਮੋਗਾ ਲਈ ਸੀਏਪੀਐਫ ਦੀ ਤਾਇਨਾਤੀ ਦੇ ਨਾਲ ਨਾਲ ਸਰਹੱਦਾਂ ‘ਤੇ ਤਾਇਨਾਤ ਬੀਐਸਐਫ ਲਈ ਡਰੋਨ ਵਿਰੋਧੀ ਤਕਨੀਕ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਭਾਰਤ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਨੂੰ ਆਈਐਸਆਈ ਅਤੇ ਪਾਕਿਸਤਾਨ ਅਧਾਰਤ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੁਆਰਾ ਵਿਕਸਤ ਕੀਤੀ ਗਈ ਵਿਸ਼ਾਲ ਸਮਰੱਥਾ ਅਤੇ ਮਹਾਰਤ ਦੇ ਨਤੀਜੇ ਵਜੋਂ ਪ੍ਰਭਾਵਹੀਣ ਕੀਤਾ ਗਿਆ ਹੈ।ਇਸ ਨਾਲ ਉਹ ਅੱਤਵਾਦੀਆਂ ਦੀ ਘੁਸਪੈਠ ਲਈ ਡਰੋਨ ਦੀ ਵਰਤੋਂ ਕਰ ਸਕਦੇ ਹਨ। ਕੈਪਟਨ ਨੇ ਸਰਹੱਦੋਂ ਪਾਰ ਤੋਂ ਆਉਂਦੇ ਨਸ਼ੇ ਦਾ ਵੀ ਜਿਕਰ ਕੀਤਾ।