ਜਲੰਧਰ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਖਤਾਰ ਅੰਸਾਰੀ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਚ ਸਮਝ ਕੇ ਬੋਲਿਆ ਕਰਨ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਸਮਝਣਾ ਹੋਵੇਗਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਜਦੋਂ ਪੁਲਿਸ ਦੀ ਜਾਂਚ ਹੁੰਦੀ ਹੈ ਤਾਂ ਤਫ਼ਤੀਸ਼ੀ ਅਫ਼ਸਰ ਉਸ ਨੂੰ ਤਫ਼ਤੀਸ਼ ਲਈ ਬੁਲਾ ਲੈਂਦਾ ਹੈ ਅਤੇ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਲਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸੇ ਕਾਰਵਾਈ ਤਹਿਤ ਉੱਤਰ ਪ੍ਰਦੇਸ਼ ਪੁਲਿਸ ਨੇ ਅੰਸਾਰੀ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(NIA) ਨੇ ਹਾਲ ਹੀ ਵਿੱਚ ਜੇਲ੍ਹ ਤੋਂ ਇੰਟਰਵਿਊ ਦੇਣ ਵਾਲੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ’ਤੇ ਦਿੱਲੀ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਗੈਂਗਸਟਰਵਾਦ ਅਤੇ ਨਸ਼ਿਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਫੜੇ ਜਾਣ ‘ਤੇ ਪਿੱਠ ਥਪਥਪਾਉਣ ਵਾਲੀ ਸਰਕਾਰ ਨੂੰ 36 ਦਿਨਾਂ ਬਾਅਦ ਨਹੀਂ, ਸਗੋਂ ਪਹਿਲੇ ਦਿਨ ਹੀ ਫੜਨਾ ਚਾਹੀਦਾ ਸੀ। ਵਿਦੇਸ਼ੀ ਫੰਡਿੰਗ ‘ਤੇ ਅਤੇ ਪਾਕਿਸਤਾਨ ਦੇ ਇਸ਼ਾਰੇ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਨੂੰ ਪਹਿਲੇ ਦਿਨ ਹੀ ਜੇਲ੍ਹ ਜਾਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ ਵਿੱਚ ਲੀਡਰਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਜੀਲੈਂਸ ਜਾਂਚ ਬਾਰੇ ਪੁੱਛੇ ਜਾਣ ‘ਤੇ ਕੈਪਟਨ ਨੇ ਕਿਹਾ ਕਿ ਜੇਕਰ ਚੰਨੀ ‘ਤੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਹੈ ਤਾਂ ਵਿਜੀਲੈਂਸ ਨੂੰ ਬੁਲਾਓ। ਪਰ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਤੰਗ ਕਰਨਾ ਠੀਕ ਨਹੀਂ ।
ਵਿਜੀਲੈਂਸ ਦੀ ਦੁਰਵਰਤੋਂ ਕਰਕੇ 15 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਨਿਸ਼ਾਨਾ ਬਣਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੈਪਟਨ ਨੇ ਰੇਤ ਮਾਫੀਆ ‘ਤੇ ਕਿਹਾ ਕਿ ਉਹ ਜਾਣਦੇ ਹਨ ਕਿ ਸੂਬੇ ‘ਚ ਰੇਤ ਮਾਫੀਆ ਹੈ। ਉਨ੍ਹਾਂ ਨੇ ਕਿਹਾ ਕਿ ਉਨਾਂ ਦੇ ਕੋਲ ਇੱਕ ਸੂਚੀ ਵੀ ਸੀ। ਜਦੋਂ ਉਹ ਮੁੱਖ ਮੰਤਰੀ ਸਨ ਤਾਂ ਕਾਂਗਰਸ ਹਾਈਕਮਾਂਡ ਨੇ ਵੀ ਉਨ੍ਹਾਂ ਨੂੰ ਰੇਤ ਮਾਫੀਆ ਬਾਰੇ ਪੁੱਛਿਆ ਸੀ। ਉਸਨੇ ਜਵਾਬ ਦਿੱਤਾ ਕਿ ਸਾਰੇ ਮੰਤਰੀ ਅੰਦਰ ਚਲੇ ਜਾਣਗੇ ਤਾਂ ਫਿਰ ਹਾਈਕਮਾਂਡ ਨੇ ਆਪਣੇ ਹੱਥ ਪਿੱਛੇ ਖਿੱਚ ਲਿਆ ਸੀ।
ਕਾਂਗਰਸ ਅਤੇ ਭਾਜਪਾ ਵਿੱਚ ਅੰਤਰ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿੱਚ ਇੱਕ ਵਿਅਕਤੀ ਫੈਸਲਾ ਲੈਂਦਾ ਹੈ ਅਤੇ ਭਾਜਪਾ ਵਿੱਚ ਫੈਸਲਾ ਸਾਰਿਆਂ ਦੀ ਸਾਂਝੀ ਸਹਿਮਤੀ ਨਾਲ ਲਿਆ ਜਾਂਦਾ ਹੈ।