ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਮੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਭਾਜਪਾ ਵਿੱਚ ਜਾਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਭਾਜਪਾ ਨਾਲ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ’ਚ ਕੁਝ ਵੀ ਹਾਸਲ ਨਹੀਂ ਹੋਇਆ’ ਪਰ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਹੁਣ ‘ਅਸਰਦਾਰ ਢੰਗ ਨਾਲ ਖ਼ਤਮ’ ਹੋ ਚੁੱਕੇ ਹਨ।
ਮੈਂ ਅਕਾਲੀ ਦਲ ਵਿੱਚ ਨਹੀਂ ਜਾ ਸਕਦਾ
ਕੈਪਟਨ ਨੇ ਕਿਹਾ ਹੈ ਕਿ 2027 ਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ।ਉਨ੍ਹਾਂ ਤਰਕ ਦਿੱਤਾ ਕਿ ਭਾਜਪਾ ਕੋਲ ਕੋਈ ਖ਼ਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ, “ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ ਹੈ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਕਾਲੀਆਂ ਨਾਲ ਗੱਠਜੋੜ ਦੀ ਲੋੜ ਹੈ, ਜੋ ਤੁਹਾਡੇ ਪੁਰਾਣੇ ਭਾਈਵਾਲ ਹਨ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਮਿਲ ਕੇ ਸਰਕਾਰਾਂ ਬਣਾਈਆਂ ਹਨ, ਤਾਂ ਹੁਣ ਅਚਾਨਕ ਕੀ ਗ਼ਲਤ ਹੋ ਗਿਆ ਹੈ?”
ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਨਹੀਂ ਜਾ ਸਕਦਾ ਅਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ।’’ ਉਨ੍ਹਾਂ ਕਿਹਾ ਕਿ ਉਹ ਖ਼ੁਦ ਆਪਣੇ ਤੌਰ ’ਤੇ ਉਲਝਣ ਵਿੱਚ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। 2027 ਦੀ ਚੋਣ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ (‘ਆਪ’) ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਅਤੇ ਹੁਣ ਇਸ ਦੀ ਕੋਈ ਭਰੋਸੇਯੋਗਤਾ ਨਹੀਂ ਬਚੀ।
MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਕੀਤੀ ਵਕਾਲਤ
ਕੈਪਟਨ ਅਮਰਿੰਦਰ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ, ਉਸ ਨੂੰ ਬਾਹਰ ਆਉਣ ਦਿਓ ਤੇ ਚੋਣ ਲੜਨ ਦਿਓ ਅਤੇ ਜੇ ਉਹ ਕਰ ਸਕਦਾ ਹੈ ਤਾਂ ਉਸ ਨੂੰ ਜਿੱਤਣ ਦਿਓ। ਤੁਸੀਂ ਜਿੰਨਾ ਚਿਰ ਉਸ ਨੂੰ ਜੇਲ੍ਹ ਵਿੱਚ ਰੱਖੋਗੇ, ਉਹ ਉਂਨਾ ਹੀ ਪ੍ਰਸਿੱਧ ਹੁੰਦਾ ਜਾਵੇਗਾ।” ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਕੈਦ ਕੱਟ ਰਹੇ ਜਗਤਾਰ ਸਿੰਘ ਹਵਾਰਾ ਸਣੇ ਲੰਮੇ ਸਮੇਂ ਤੋਂ ਜੇਲ੍ਹ ’ਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੀ ਹਮਾਇਤ ਵੀ ਕੀਤੀ।

