ਕੈਨੇਡਾ : ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ ਕਤਲ ਕੀਤੇ ਗਏ 18 ਸਾਲ ਦੇ ਲੜਕੇ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਬੀਤੀ ਸ਼ਾਮ ਟਮੈਨਵਿਸ ਸਕੂਲ ਤੋਂ 120 ਸਟਰੀਟ ਦੇ 72 ਐਵੀਨਿਊ ਤੱਕ ਕੈਂਡਲ ਲਾਈਟ ਮਾਰਚ ਕੀਤਾ ਗਿਆ। ਇਸ ਕੈਂਡਲ ਲਾਈਟ ਮਾਰਚ ਦਾ ਪ੍ਰਬੰਧ ਮਹਿਕਪ੍ਰੀਤ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਰੀ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤਾ ਗਿਆ।
ਇਸ ਮੌਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਅਤੇ ਪੀੜਤ ਦੀ ਭੈਣ ਨੇ ਬਹੁਤ ਹੀ ਦੁਖੀ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਪੁਲਿਸ ਵੱਲੋਂ ਇਸ ਕੇਸ ਦੀ ਕਾਰਵਾਈ ਵਿਚ ਤੇਜ਼ੀ ਨਾ ਲਿਆਉਣ ਦੀ ਵੀ ਆਲੋਚਨਾ ਕੀਤੀ ਅਤੇ ਪੁਲਿਸ ਦੇ ਸਿਸਟਮ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ।
ਮਹਿਕਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਇਸ ਸਿਸਟਮ ਦੀ ਭੇਂਟ ਚੜ੍ਹ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਸਿਸਟਮ ਵਿਚ ਸੁਧਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਵਾਪਰੇ। ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ ਕਿਹਾ ਕਿ ਉਹ ਏਥੋਂ ਆਪਣਾ ਸਭ ਵੇਚ ਵੱਟ ਕੇ ਵਾਪਸ ਭਾਰਤ ਮੁੜ ਜਾਣਗੇ।
ਬੀਤੇ ਦਿਨੀਂ ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਦੱਸਿਆ ਕਿ‘‘ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਚਾਕੂ ਮਹਿਕਪ੍ਰੀਤ ਦੇ ਦਿਲ ਨੂੰ ਚੀਰ ਗਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਰਿਵਾਰ ਦੁਬਈ ਤੋਂ ਅੱਠ ਸਾਲ ਪਹਿਲਾਂ ਕੈਨੇਡਾ ਆ ਗਿਆ ਸੀ।
‘ਕੈਨੇਡਾ ਆਉਣ ਦਾ ਫੈਸਲਾ ਹੀ ਗਲਤ ਸੀ’, ਨੌਜਵਾਨ ਬੇਟੇ ਦੀ ਮੌਤ ‘ਤੇ ਬੋਲਿਆ ਦੁਖੀ ਪਿਤਾ
ਦੱਸ ਦਈਏ ਕਿ ਸਰੀ ਦੇ ਨਿਊਟਨ ਇਲਾਕੇ ‘ਚ ਝਗੜੇ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਦੀ ਪਾਰਕਿੰਗ ‘ਚ 18 ਸਾਲਾ ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਸੇਠੀ ਦੇ ਕਿਸੇ ਜਾਣਕਾਰ ਨੇ ਹੀ ਸਕੂਲ ਦੀ ਪਾਰਕਿੰਗ ਚ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਦੇ ਅਨੁਸਾਰ, ਹਮਲੇ ਦੌਰਾਨ ਸੇਠੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਬਚਾਉਣ ਲਈ ਹਸਪਤਾਲ ਲਿਜਿਾਇਆ ਗਿਆ, ਜਿਥੇ ਉਹਨੇ ਦਮ ਤੋੜ ਦਿੱਤਾ ਸੀ।