Punjab

ਫੀਸਾਂ ਭਰ ਕੇ ਪ੍ਰੀਖਿਆ ਵੀ ਦਿੱਤੀ,ਪਾਸ ਵੀ ਹੋ ਗਏ ਪਰ ਸਾਡੇ ਨਿਯੁਕਤੀ ਪੱਤਰ ਕਿੱਥੇ ਆ ਮਾਨ ਸਾਹਿਬ ?

ਖਾਲਸ ਬਿਊਰੋ:ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਉਮੀਦਵਾਰਾਂ ਨੇ ਨਿਯੁਕਤੀ ਪੱਤਰ ਨਾ ਮਿਲਣ ‘ਤੇ ਰੋਸ ਜ਼ਾਹਿਰ ਕੀਤਾ ਹੈ ਤੇ ਸੀਐਮ ਹਾਊਸ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਹੈ। ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਦਾ ਕਹਿਣਾ ਸੀ ਕਿ ਇਹਨਾਂ ਭਰਤੀਆਂ ਦੇ ਲਈ ਸੂਚਨਾ ਪਿਛਲੇ ਸਾਲ ਅਗਸਤ ਮਹੀਨੇ ਜਾਰੀ ਹੋਈ ਸੀ ਤੇ ਇਸ ਸਬੰਧ ਵਿੱਚ ਪ੍ਰੀਖਿਆ ਸਤੰਬਰ ਮਹੀਨੇ ਹੋਈ ਸੀ।ਇਸ ਪ੍ਰੀਖਿਆ ਦਾ ਨਤੀਜਾ ਇਸ ਸਾਲ ਮਾਰਚ ਮਹੀਨੇ ਆਇਆ ਸੀ।ਪਾਸ ਹੋਣ ਵਾਲੇ ਸਾਰੇ ਉਮੀਦਵਾਰਾਂ ਨੇ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਹਫਤਿਆਂ ਦੇ ਵਿੱਚ ਹੀ ਆਪਣੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਸੀ। ਇਸ ਦੇ ਬਾਵਜੂਦ ਉਹਨਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ ਹਨ,ਜਿਸ ਕਾਰਨ ਅੱਜ ਇਹ ਸਾਰੇ ਉਮੀਦਵਾਰ ਅੱਜ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਪਹੁੰਚੇ ਸਨ।

ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਧਰਨਾਕਾਰੀਆਂ ਦਾ ਹੌਂਸਲਾ ਵਧਾਉਣ ਲਈ ਮੰਗ ਪੱਤਰ ਦੇਣ ਪਹੁੰਚੇ ਉਮੀਦਵਾਰਾਂ ਦਰਮਿਆਨ ਪਹੁੰਚੇ ਤੇ ਉਹਨਾਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕਹੀ।ਪੰਜਾਬ ਸਰਕਾਰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਸਰਕਾਰ ਨਵੀਆਂ ਨੌਕਰੀਆਂ ਕੱਢਣ ਦੀ ਗੱਲ ਕਰ ਰਹੀ ਹੈ ਪਰ ਜਿਹਨਾਂ ਨੇ ਖਾਲੀ ਪਈਆਂ ਅਸਾਮੀਆਂ ਦੇ ਵਾਸਤੇ ਹਰ ਤਰਾਂ ਦੀ ਪ੍ਰੀਖਿਆ ਪਾਸ ਕੀਤੀ ਹੈ,ਉਹਨਾਂ ਨੂੰ ਹੁਣ ਨਿਯੁਕਤੀ ਪੱਤਰ ਦੇਣ ਤੋਂ ਬਚ ਰਹੀ ਹੈ,ਜੋ ਕਿ ਸਰਾਸਰ ਉਹਨਾਂ ਨਾਲ ਧੋਖਾ ਹੈ।

ਇਸ ਪ੍ਰੀਖਿਆ ਦੇ ਵਿੱਚ ਨਾ ਸਿਰਫ ਮੁੰਡੇ ਸਗੋਂ ਕੁੜੀਆਂ ਨੇ ਵੀ ਭਾਗ ਲਿਆ ਸੀ ਤੇ ਇਸ ਨੂੰ ਪਾਸ ਵੀ ਕੀਤਾ ਸੀ।ਪਰ ਹੁਣ ਨਿਯੁਕਤੀ ਪੱਤਰ ਨਾ ਮਿਲਣ ਕਰਕੇ ਉਹਨਾਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।

ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਵਿਭਾਗ ਵਿੱਚ ਖਾਲੀ ਪਈਆਂ ਇਹਨਾਂ ਅਸਾਮੀਆਂ ਲਈ ਪਾਸ ਹੋ ਚੁੱਕੇ ਸਾਰੇ ਉਮੀਦਵਾਰਾਂ ਵਿੱਚ ਨਿਰਾਸ਼ਾ ਛਾਈ ਹੋਈ ਹੈ ਕਿਉਂਕਿ ਇਹਨਾਂ ਸਾਰਿਆਂ ਨੇ ਮਿਹਨਤਾਂ ਨਾਲ ਇਸ ਪ੍ਰੀਖਿਆਂ ਨੂੰ ਪਾਸ ਕੀਤਾ ਹੈ,ਹਰ ਫੀਸ ਭਰੀ ਹੈ ਤੇ ਕਾਫੀ ਇੰਤਜ਼ਾਰ ਵੀ ਕੀਤਾ ਹੈ ਪਰ ਹੁਣ ਸ਼ਾਇਦ ਇਹਨਾਂ ਦੇ ਸਬਰ ਦਾ ਬੰਨ ਟੁਟ ਚੁੱਕਾ ਹੈ।ਅੱਜ ਮੁੱਖ ਮੰਤਰੀ ਪੰਜਾਬ ਨਾਲ ਤਾਂ ਇਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਹੈ ਪਰ ਸਰਕਾਰੀ ਅਧਿਕਾਰੀਆਂ ਨੇ ਇਹਨਾਂ ਦਾ ਮੰਗ ਪੱਤਰ ਲੈ ਲਿਆ ਹੈ ਤੇ ਇੱਕ ਮਹੀਨੇ ਦੇ ਅੰਦਰ ਹੀ ਇਹਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਵੀ ਕੀਤਾ ਹੈ।