‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੁਣ ਇਹ ਗੱਲਾਂ ਵੀ ਆਮ ਹੋ ਗਈਆਂ ਹਨ ਕਿ ਮੋਬਾਇਲ ਸਾਡੀ ਜਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸਲ ਵਿੱਚ ਮੋਬਾਇਲ ਤੋਂ ਬਗੈਰ ਜਿੰਦਗੀ ਖਾਲੀ ਹੈ ਤੇ ਇਸ ਤੋਂ ਬਿਨਾਂ ਹੁਣ ਕਿਸੇ ਦਾ ਵੀ ਸਰਦਾ ਨਹੀਂ ਹੈ। ਪਰ ਮੋਬਾਇਲ ਦੀ ਵੱਧ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਿਗਿਆਨੀਆਂ ਨੇ ਨਵਾਂ ਖੁਲਾਸਾ ਕੀਤਾ ਹੈ। ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ 10 ਸਾਲਾਂ ਤੱਕ ਰੋਜਾਨਾ ਸਿਰਫ 17 ਮਿੰਟ ਮੋਬਾਇਲ ਦੀ ਵਰਤੋਂ ਕਰਦਾ ਹੈ ਤਾਂ ਉਸਨੂੰ ਕੈਂਸਰ ਹੋਣ ਦੇ 60 ਫੀਸਦ ਚਾਂਸ ਜ਼ਿਆਦਾ ਹਨ। ਵਿਗਿਆਨੀਆਂ ਨੇ ਮਨੁੱਖ ਦੀ ਸਿਹਤ ਨਾਲ ਜੁੜੀਆਂ 46 ਕਿਸਮ ਦੀਆਂ ਖੋਜਾਂ ਕੀਤੀਆਂ ਹਨ ਤੇ ਵਿਸ਼ਲੇਸ਼ਣ ਵਿੱਚ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਹੈ ਕਿ ਮੋਬਾਈਲ ਦੇ ਸਿਗਨਲਾਂ ਤੋਂ ਜੋ ਰੇਡੀਏਸ਼ਨ ਨਿਕਲਦੀ ਹੈ, ਉਸ ਨਾਸ ਸਰੀਰ ਵਿਚ ਤਣਾਅ ਵਾਲੇ ਪ੍ਰੋਟੀਨ ਪੈਦਾ ਹੁੰਦੇ ਹਨ ਤੇ ਇਸ ਨਾਲ ਸਾਡਾ ਡੀਐਨਏ ਨੁਕਸਾਨਿਆ ਜਾਂਦਾ ਹੈ।ਹਾਲਾਂਕਿ, ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਇਸ ਗੱਲ ਨੂੰ ਖਾਰਿਜ ਕੀਤਾ ਹੈ ਕਿ ਮੋਬਾਈਲ ਫੋਨਾਂ ਤੋਂ ਨਿਕਲਦੀ ਰੇਡੀਓ ਫ੍ਰੀਕੁਐਂਸੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਵਿਗਿਆਨੀਆਂ ਨੇ ਅਮਰੀਕਾ, ਸਵੀਡਨ, ਬ੍ਰਿਟੇਨ, ਜਾਪਾਨ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਵਿੱਚ ਕੀਤੀ ਆਪਣੀ ਖੋਜ ਤੋਂ ਬਾਅਦ ਇਹ ਦਾਅਵੇ ਪੇਸ਼ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਸੰਸਾਰ ਵਿੱਚ ਸਭ ਤੋਂ ਵੱਧ ਮੋਬਾਇਲ ਹੀ ਵਰਤਿਆ ਜਾਂਦਾ ਹੈ। ਸਾਲ 2011 ਤੱਕ ਸਿਰਫ 87 ਫੀਸਦ ਘਰਾਂ ਵਿਚ ਇਕ ਮੋਬਾਈਲ ਫੋਨ ਸੀ ਜਦੋਂ ਕਿ 2020 ਵਿਚ ਇਹ ਅੰਕੜਾ 95 ਫੀਸਦ ਹੋ ਗਿਆ।
2018 ਵਿੱਚ ਵੀ ਵਾਤਾਵਰਣ ਸਿਹਤ ਵਿਗਿਆਨ ਦੇ ਨੈਸ਼ਨਲ ਇੰਸਟੀਚਿਊਟ ਦੀ ਖੋਜ ਵਿਚ ਸਬੂਤ ਮਿਲੇ ਸਨ ਕਿ ਮੋਬਾਈਲ ਫੋਨ ਦੀ ਰੇਡੀਏਸ਼ਨ ਨਾਲ ਕੈਂਸਰ ਹੁੰਦਾ ਹੈ।