ਕੈਨੇਡਾ ਦੇ ਜੰਮਪਲ ਤੇ ਐਬਰਫੋਰਡ ਵਿੱਚ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ (ਸੰਨੀ ਸਿੱਧੂ), ਜੋ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਵਿੱਚ ਸੁਪਰਡੈਂਟ ਹਨ, ਨੇ ਭਾਰਤ ਸਰਕਾਰ ਵਿਰੁੱਧ ਓਂਟਾਰੀਓ ਅਦਾਲਤ ਵਿੱਚ 9 ਕਰੋੜ ਕੈਨੇਡੀਅਨ ਡਾਲਰ (ਲਗਭਗ 550 ਕਰੋੜ ਰੁਪਏ) ਦਾ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੈ।
ਸੰਦੀਪ ਸਿੰਘ ਸਿੱਧੂ ਦਾ ਦੋਸ਼ ਹੈ ਕਿ ਪਿਛਲੇ ਸਾਲ ਭਾਰਤੀ ਮੀਡੀਆ ਵਿੱਚ ਉਨ੍ਹਾਂ ਦੀ ਫੋਟੋ ਲਗਾ ਕੇ ਉਨ੍ਹਾਂ ਨੂੰ “ਕੱਟੜ ਅਤਿਵਾਦੀ”, “ਖਾਲਿਸਤਾਨੀ ਸਮਰਥਕ” ਤੇ ਕੈਨੇਡਾ ਦਾ “ਮੋਸਟ ਵਾਂਟਡ ਭਗੌੜਾ” ਦੱਸ ਕੇ ਬੇਬੁਨਿਆਦ ਪ੍ਰਚਾਰ ਕੀਤਾ ਗਿਆ। ਉਨ੍ਹਾਂ ਦੇ ਵਕੀਲ ਜੈਫਰੀ ਕਰੋਕਰ ਨੇ ਦਾਅਵਾ ਕੀਤਾ ਕਿ ਸਿਰਫ਼ ਸਿੱਖ ਉਪਨਾਮ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਮੁਕੱਦਮੇ ਵਿੱਚ ਕੈਨੇਡਾ ਸਰਕਾਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਇਲਜ਼ਾਮ ਹੈ ਕਿ ਉਹ ਵਿਦੇਸ਼ੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਝੂਠੇ ਪ੍ਰਚਾਰ ਨੂੰ ਰੋਕਣ ਵਿੱਚ ਨਾਕਾਮ ਰਹੀ। ਸੰਦੀਪ ਸਿੱਧੂ ਨੇ ਦੱਸਿਆ ਕਿ ਇਸ ਬਦਨਾਮੀ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਆ ਗਏ, ਨਸ਼ਿਆਂ ਦੇ ਆਦੀ ਹੋ ਗਏ ਅਤੇ ਵੈਨਕੂਵਰ ਦੇ ਹਸਪਤਾਲ ਵਿੱਚ ਕਈ ਮਹੀਨੇ ਦਾਖਲ ਰਹੇ। ਉਹ ਮੰਗ ਕਰ ਰਹੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਦੀ ਬਦਨਾਮੀ, ਮਾਨਸਿਕ ਪੀੜ ਤੇ ਨੁਕਸਾਨ ਦੀ ਭਰਪਾਈ ਕਰੇ।

