ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਪਣੇ ਅਸਤੀਫੇ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਦਾ ਇਹ ਕਦਮ ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਵਧ ਰਹੀ ਅਸੰਤੁਸ਼ਟੀ ਦੇ ਮੱਦੇਨਜ਼ਰ ਚੁਕਿਆ ਗਿਆ ਹੈ। ਇਸ ਕਦਮ ਤੋਂ ਉਨ੍ਹਾਂ ਦੇ ਵਿੱਤ ਮੰਤਰੀ ਦੇ ਅਚਾਨਕ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇ ਅੰਦਰ ਵਧ ਰਹੀ ਉਥਲ-ਪੁਥਲ ਦਾ ਸੰਕੇਤ ਮਿਲਦਾ ਹੈ। ਟਰੂਡੋ ਉਦੋਂ ਤਕ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਦੋਂ ਤਕ ਲਿਬਰਲ ਪਾਰਟੀ ਦਾ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ।
ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਨਵੇਂ ਆਗੂ ਦੀ ਚੋਣ ਦਾ ਅਮਲ ਸ਼ੁਰੂ ਕਰਨ। ਟਰੂਡੋ ਨੇ ਆਪਣੀ ਰਿਹਾਇਸ਼ ਦੇ ਬਾਹਰ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਗਵਰਨਰ ਜਨਰਲ ਵੱਲੋਂ ਸੰਸਦ 24 ਮਾਰਚ ਤੱਕ ਮੁਅੱਤਲ ਰੱਖਣ ਦੀ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
#BREAKING: Justin Trudeau has officially resigned as Liberal Party Leader & Prime Minister of Canada pic.twitter.com/2DQsNHKx37
— Made In Canada (@MadelnCanada) January 6, 2025
ਕੈਨੇਡਾ ‘ਚ ਜਲਦੀ ਹੋ ਸਕਦੀਆਂ ਚੋਣਾਂ
ਜਸਟਿਨ ਟਰੂਡੋ ਨੇ ਸੋਮਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਅਤੇ ਪੀਐੱਮ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ, ਮੈਨੂੰ ਲੱਗਦਾ ਹੈ ਕਿ ਮੈਂ 2025 ਦੀਆਂ ਚੋਣਾਂ ਲਈ ਲਿਬਰਲ ਪਾਰਟੀ ਲਈ ਚੰਗਾ ਵਿਕਲਪ ਨਹੀਂ ਹਾਂ। ਟਰੂਡੋ ਆਪਣੇ ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਹੋ ਸਕਦੀ ਹੈ।
ਟਰੂਡੋ ਇੱਕ ਨਵੇਂ ਲੀਡਰ ਨੂੰ ਮੌਕਾ ਦੇਣਾ ਚਾਹੁੰਦੇ ਹਨ
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਸਮੇਂ ਆਪਣੇ ਆਖਰੀ ਭਾਸ਼ਣ ਵਿੱਚ ਟਰੂਡੋ ਨੇ ਕਿਹਾ ਕਿ ਉਹ ਦੇਸ਼ ਅਤੇ ਪਾਰਟੀ ਲਈ ਹਮੇਸ਼ਾ ਹਾਜ਼ਰ ਰਹਿਣਗੇ, ਪਰ ਹੁਣ ਉਹ ਨਵੇਂ ਆਗੂ ਨੂੰ ਮੌਕਾ ਦੇਣਾ ਚਾਹੁੰਦੇ ਹਨ ਤਾਂ ਜੋ ਪਾਰਟੀ ਨਵੀਂ ਦਿਸ਼ਾ ਵੱਲ ਵਧ ਸਕੇ। ਉਨ੍ਹਾਂ ਦੇ ਇਸ ਫੈਸਲੇ ਨਾਲ ਕੈਨੇਡੀਅਨ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਉਮੀਦ ਹੈ ਕਿਉਂਕਿ ਟਰੂਡੋ ਪਿਛਲੇ ਨੌਂ ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਈ ਅਹਿਮ ਬਦਲਾਅ ਹੋਏ ਹਨ।