India International

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਸੀ ਵਧਾਈ, 4 ਦਿਨਾਂ ਬਾਅਦ PM ਮੋਦੀ ਨੇ ਦਿੱਤਾ ਇਸ ਤਰ੍ਹਾਂ ਜਵਾਬ

ਦਿੱਲੀ : ਭਾਰਤ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣੀ ਹੈ। ਨਰੇਂਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਮੌਕੇ ‘ਤੇ PM ਮੋਦੀ ਨੂੰ ਦੁਨੀਆ ਭਰ ਦੇ ਲੀਡਰਾਂ ਤੋਂ ਵਧਾਈ ਸੰਦੇਸ਼ ਮਿਲੇ ਹਨ। ਇਸੇ ਦੌਰਾਨ ਭਾਰਤ ਨਾਲ ਰਿਸ਼ਤਿਆਂ ‘ਚ ਤਣਾਅ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਸੀ , ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕਣ ਤੋਂ ਬਾਅਦ ਟਰੂਡੋ ਨੂੰ ਵਧਾਈਆਂ ਕਬੂਲ ਕਰ ਕੇ ਜਵਾਬ ਦਿੱਤਾ ਹੈ। ਜਸਟਿਨ ਟਰੂਡੋ ਵੱਲੋਂ ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਵਧਾਈ ਸੰਦੇਸ਼ ਦਿੱਤਾ ਗਿਆ ਸੀ।

PM ਨੇ ਭਾਰਤ ਕੈਨੇਡਾ ਨਾਲ ਆਪਸੀ ਸਮਝ ਅਤੇ ਇਕ ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ‘ਤੇ ਕੰਮ ਕਰਨ ਦੀ ਉਮੀਦ ਕਰਦਾ ਹੈ। ਟਵਿਟ ਕਰਦਿਆਂ PM ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਕੈਨੇਡਾ ਨਾਲ ਆਪਸੀ ਸਮਝਦਾਰੀ ਅਤੇ ਇਕ-ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ‘ਤੇ ਕੰਮ ਕਰਨ ਦੀ ਉਮੀਦ ਕਰਦਾ ਹੈ। ਉਨ੍ਹਾਂ ਨੇ ਲਿਖਿਆ, “ਸ਼ੁਭਕਾਮਨਾਵਾਂ ਦੇ ਸੰਦੇਸ਼ ਲਈ ਧੰਨਵਾਦ। ਭਾਰਤ ਆਪਸੀ ਸਮਝ ਅਤੇ ਇਕ ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ‘ਤੇ ਕੈਨੇਡਾ ਨਾਲ ਕੰਮ ਕਰਨ ਦੀ ਉਮੀਦ ਕਰਦਾ ਹੈ।”

ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਮੋਦੀ ਨੂੰ ਵਧਾਈ ਦਿੰਦੇ ਹੋਏ ਜਾਰੀ ਬਿਆਨ ‘ਚ ਕਿਹਾ ਗਿਆ ਸੀ ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਚੋਣ ਜਿੱਤ ‘ਤੇ ਵਧਾਈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਮਨੁੱਖੀ ਅਧਿਕਾਰਾਂ, ਵਿਭਿੰਨਤਾ ਅਤੇ ਕਾਨੂੰਨ ਦੇ ਰਾਜ ‘ਤੇ ਆਧਾਰਿਤ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਬੰਧਾਂ ਨੂੰ ਅੱਗੇ ਵਧਾਉਣ ਲਈ ਮੋਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ।

ਦੱਸ ਦਈਏ ਕਿ ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਪਿਛਲੇ ਸਾਲ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧ ਚੱਲ ਰਹੇ ਸਨ। ਕੈਨੇਡਾ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਸ ਦੋਸ਼ ਨੂੰ ‘ਬੇਤੁਕਾ’ ਦੱਸਿਆ ਹੈ।