International Manoranjan Punjab

AP ਢਿੱਲੋਂ ਦੇ ਘਰ ਗੋਲ਼ੀਬਾਰੀ ਦੇ ਮਾਮਲੇ ’ਚ ਕੈਨੇਡਾ ਪੁਲਿਸ ਦਾ ਵੱਡਾ ਖ਼ੁਲਾਸਾ

ਬਿਉਰੋ ਰਿਪੋਰਟ: ਲਗਭਗ 2 ਮਹੀਨੇ ਪਹਿਲਾਂ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਗੋਲ਼ੀਬਾਰੀ ਦੇ ਮਾਮਲੇ ਵਿੱਚ ਕੈਨੇਡਾ ਦੀ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ’ਚ ਦੂਜਾ ਮੁਲਜ਼ਮ ਵਿਅਕਤੀ ਭਾਰਤ ਭੱਜ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਏਪੀ ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਉਨ੍ਹਾਂ ਦੇ ਘਰ ’ਤੇ ਗੋਲ਼ੀਆਂ ਚਲਾਉਣ ਦੇ ਸ਼ੱਕ ਵਿੱਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਫੜੇ ਗਏ ਸ਼ੱਕੀ ਵਿਆਤੀ ਦੀ ਪਛਾਣ ਵਿਨੀਪੈਗ ਦੇ 25 ਸਾਲਾਂ ਅਭਿਜੀਤ ਕਿੰਗਰਾ ਵਜੋਂ ਹੋਈ ਹੈ। ਅਭਿਜੀਤ ਕਿੰਗਰਾ ਨੂੰ ਓਨਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਉਸ ਨੂੰ ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੂਜੇ ਸ਼ੱਕੀ ਵਿਅਕਤੀ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੂਜੇ ਦੀ ਪਛਾਣ ਵਿਕਰਮ ਸ਼ਰਮਾ (23) ਵਜੋਂ ਹੋਈ ਹੈ, ਜੋ ਵਿਨੀਪੈਗ ਵਿੱਚ ਰਹਿੰਦਾ ਸੀ ਪਰ ਪੁਲਿਸ ਹੁਣ ਮੰਨ ਰਹੀ ਹੈ ਕਿ ਉਹ ਭਾਰਤ ਵਿੱਚ ਹੈ।

ਯਾਦ ਰਹੇ ਕੈਨੇਡਾ ਦੇ ਵਿਕਟੋਰੀਆ ਆਈਲੈਂਡ ਇਲਾਕੇ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਬਾਹਰ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਸੀ। ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਦੇ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ।

ਘਟਨਾ ਤੋਂ ਬਾਅਦ ਕੁਝ ਵੀਡੀਓਜ਼ ਅਤੇ ਮੈਸੇਜਿਸ ਵਿੱਚ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਏਪੀ ਢਿੱਲੋਂ ਦੇ ਸਲਮਾਨ ਨਾਲ ਚੰਗੇ ਸਬੰਧ ਹਨ। ਇਸ ਹਮਲੇ ਦਾ ਕਾਰਨ ਇਹ ਦੱਸਿਆ ਜਾ ਗਿਆ ਸੀ।