ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਯਾਨੀਕਿ 2 ਅਗਸਤ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਘੋਸ਼ਣਾ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਵੱਖ ਹੋ ਰਹੇ ਹਨ।
ਦੋਵਾਂ ਨੇ ਮਈ 2005 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਹੁਣ ਵਿਆਹ ਦੇ 18 ਸਾਲ ਬਾਅਦ ਕੈਨੇਡੀਅਨ PM ਨੇ ਆਪਣੀ ਪਤਨੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਤਲਾਕ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
ਟਰੂਡੋ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਕਿ ਸੋਫੀ ਅਤੇ ਮੈਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਫਿਲਹਾਲ ਤਲਾਕ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਆਪਣੀ ਪੋਸਟ ਵਿੱਚ, ਟਰੂਡੋ ਨੇ ਪਰਿਵਾਰ ਨੂੰ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ, ਇਹ ਯਕੀਨੀ ਬਣਾਉਣ ਲਈ ਕਿ ਜੋੜੇ ਦੇ ਤਿੰਨ ਬੱਚਿਆਂ ਦੀ ਤੰਦਰੁਸਤੀ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇ।
View this post on Instagram
ਉਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਤਬਦੀਲੀਆਂ ਦੇ ਬਾਵਜੂਦ ਪੁੱਤਰ ਜੇਵੀਅਰ ਅਤੇ ਹੈਡਰੀਅਨ ਅਤੇ ਧੀ ਏਲਾ-ਗ੍ਰੇਸ ਨਾਲ ਉਸਦਾ ਰਿਸ਼ਤਾ ਨਿੱਘਾ ਹੈ। ਵਿਛੋੜੇ ਨੂੰ ਲੈ ਕੇ ਜਾਰੀ ਬਿਆਨ ‘ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਇਕ ਪਰਿਵਾਰ ਵਾਂਗ ਰਹਿਣਗੇ। ਦੋਵੇਂ ਬੱਚਿਆਂ ਨੂੰ ਸੁਰੱਖਿਅਤ ਅਤੇ ਪਿਆਰ ਭਰੇ ਮਾਹੌਲ ਵਿੱਚ ਪਾਲਣ ‘ਤੇ ਧਿਆਨ ਦੇਣਗੇ। ਅਗਲੇ ਹਫਤੇ ਤੋਂ ਉਹ ਬੱਚਿਆਂ ਨਾਲ ਪਰਿਵਾਰਕ ਛੁੱਟੀਆਂ ‘ਤੇ ਰਹੇਗੀ।
ਕੈਨੇਡਾ ਦੇ PMO ਨੇ ਵੀ ਟਰੂਡੋ ਦੇ ਤਲਾਕ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। PMO ਦੇ ਬੁਲਾਰੇ ਮਰਫੀ ਨੇ ਦੱਸਿਆ ਕਿ ਟਰੂਡੋ ਜੋੜੇ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ। ਜੋੜੇ ਦਾ ਧਿਆਨ ਆਪਣੇ ਬੱਚਿਆਂ ‘ਤੇ ਹੈ। ਜਸਟਿਨ ਟਰੂਡੋ ਨੇ 28 ਮਈ 2005 ਨੂੰ ਮਾਂਟਰੀਅਲ ਵਿੱਚ ਵਿਆਹ ਕੀਤਾ ਸੀ। ਪਿਛਲੇ ਸਾਲ ਵਿਆਹ ਦੀ ਵਰ੍ਹੇਗੰਢ ਤੋਂ ਬਾਅਦ ਸੋਫੀ ਨੇ ਦੱਸਿਆ ਸੀ ਕਿ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।