ਬਿਊਰੋ ਰਿਪੋਰਟ : ਔਲਾਦ ਦਾ ਸੁੱਖ ਹਰ ਇੱਕ ਮਾਪਿਆਂ ਦੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਪਲ ਹੁੰਦਾ ਹੈ । ਕੈਨੇਡਾ ਵਿੱਚ ਰਹਿ ਰਹੇ ਪਾਕਿਸਤਾਨ ਪਤੀ-ਪਤਨੀ ਜਾਹਿਦ ਬਸ਼ੀਰ ਅਤੇ ਸੋਬਿਆ ਕੁਰੈਸ਼ੀ ਨੇ ਵੀ ਜਦੋਂ 2008 ਵਿੱਚ ਵਿਆਹ ਕੀਤਾ ਸੀ ਤਾਂ ਅਜਿਹੇ ਸੁਪਨੇ ਦੀ ਕਲਪਨਾ ਕੀਤੀ ਸੀ । 2011 ਵਿੱਚ ਉਨ੍ਹਾਂ ਦਾ ਸੁਪਨਾ ਸੱਚ ਵੀ ਹੋਇਆ ਜ਼ਾਰਾ ਨਾਂ ਦੀ ਧੀ ਨੇ ਜਨਮ ਲਿਆ। ਪਰਿਵਾਰ ਖ਼ੁਸ਼ ਸੀ ਪਰ ਜਦੋਂ ਜ਼ਾਰਾ 6 ਮਹੀਨੇ ਦੀ ਹੋਈ ਤਾਂ ਪਤਾ ਚੱਲਿਆ ਕਿ ਉਹ ਜੈਨੇਟਿਕ ਰੋਗ ‘ਪੋਮਪੇ’ ਦਾ ਸ਼ਿਕਾਰ ਹੈ। ਪਰਿਵਾਰ ਨੇ ਬੱਚਿਆ ਦੇ ਮਾਹਿਰ ਡਾਕਟਰ ਪਰਨੇਸ਼ ਚੱਕਰਵਰਤੀ ਨਾਲ ਸੰਪਰਕ ਕੀਤਾ । ਜ਼ਾਰਾ ਦਾ 2 ਸਾਲ ਤੱਕ ਬਹੁਤ ਦੀ ਦਰਦਨਾਕ ਇਲਾਜ ਚੱਲਿਆ ਪਰ ਉਹ ਢਾਈ ਸਾਲ ਦੀ ਉਮਰ ਹੀ ਜ਼ਿੰਦਗੀ ਦੀ ਜੰਗ ਹਾਰ ਗਈ। ਜ਼ਾਰਾ ਦਾ ਇਲਾਜ ਕਰਦੇ-ਕਰਦੇ ਡਾਕਟਰ ਪਰਨੇਸ਼ ਚੱਕਰਵਰਤੀ ਉਸ ਦੇ ਨਾਲ ਇਸ ਕਦਰ ਅਟੈਚ ਹੋ ਗਏ ਸਨ ਕਿ ਜ਼ਾਰਾ ਦੀ ਮੌਤ ਨੇ ਉਨ੍ਹਾਂ ਨੂੰ ਕਾਫ਼ੀ ਝਿੰਝੋੜ ਦਿੱਤਾ। ਇਸ ਦੇ ਪਿੱਛੇ ਇੱਕ ਹੋਰ ਵੱਡੀ ਵਜ੍ਹਾ ਸੀ ਕਿ ਉਨ੍ਹਾਂ ਦੀ ਆਪਣੀ ਧੀ ਜ਼ਾਰਾ ਤੋਂ 7 ਦਿਨ ਹੀ ਛੋਟੀ ਸੀ।
ਪਹਿਲੀ ਧੀ ਤੋਂ ਬਾਅਦ ਦੂਜੀ ਦੀ ਮੌਤ ਨੇ ਮਾਪਿਆਂ ਨੂੰ ਤੋੜ ਦਿੱਤਾ ਮੌਤ ਤੋਂ ਬਾਅਦ ਜਾਹਿਦ ਬਸ਼ੀਰ ਅਤੇ ਸੋਬਿਆ ਕੁਰੈਸ਼ੀ ਆਪਣੀ ਧੀ ਜ਼ਾਰਾ ਨੂੰ ਦਿਨ ਰਾਤ ਯਾਦ ਕਰਦੇ ਰਹਿੰਦੇ ਸਨ । ਪਹਿਲੀ ਔਲਾਦ ਦਾ ਥੋੜ੍ਹੇ ਸਮੇਂ ਵਿੱਚ ਹੀ ਅਲਵਿਦਾ ਕਹਿ ਜਾਣਾ ਮਾਪਿਆਂ ਲਈ ਗਹਿਰੇ ਦੁੱਖ ਤੋਂ ਘੱਟ ਨਹੀਂ ਸੀ । 3 ਸਾਲ ਦੋਵਾਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਫਿਰ 2016 ਵਿੱਚ ਜਾਹਿਦ ਅਤੇ ਸੋਬਿਆ ਦੀ ਗੋਦ ਹਰੀ ਹੋਈ ਅਤੇ ਉਸ ਨੇ ਮੁੜ ਤੋਂ ਖ਼ੂਬਸੂਰਤ ਧੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਰੱਖਿਆ ਗਿਆ ‘ਸਾਰਾ’। ਪਰ ਜ਼ਾਰਾ ਦੀ ਜਿਸ ਬਿਮਾਰੀ ਨਾਲ ਮੌਤ ਹੋਈ ਸੀ ਜੈਨੇਟਿਕ ਹੋਣ ਦੀ ਵਜ੍ਹਾ ਕਰ ਕੇ ਮਾਪਿਆਂ ਨੂੰ ਸਾਰਾ ਦਾ ਡਰ ਵੀ ਸਤਾਉਣ ਲੱਗਿਆ। ਜਾਹਿਦ ਅਤੇ ਸੋਬਿਆ ਦਾ ਡਰ ਸਹੀ ਸਾਬਤ ਹੋਇਆ ਅਤੇ 6 ਮਹੀਨੇ ਦੇ ਅੰਦਰ ਸਾਰਾ ਵੀ ਮਾਪਿਆਂ ਨੂੰ ਅਲਵਿਦਾ ਕਹਿੰਦੇ ਹੋਏ ਦੁਨੀਆ ਨੂੰ ਛੱਡ ਗਈ । 6 ਸਾਲ ਵਿੱਚ ‘ਪੋਮਪੇ’ ਨਾਂ ਦੀ ਇਸ ਨਾਮੁਰਾਦ ਬਿਮਾਰੀ ਨਾਲ 2 ਧੀਆਂ ਨੂੰ ਗਵਾ ਚੁੱਕੇ ਜਾਹਿਦ ਅਤੇ ਸੋਬਿਆ ਲਈ ਹੁਣ ਕੁੱਝ ਨਹੀਂ ਬਚਿਆ ਸੀ। ਦੋਵੇਂ ਬੱਚਿਆਂ ਦਾ ਇਲਾਜ ਕਰਨ ਵਾਲੇ ਡਾਕਟਰ ਚੱਕਰਵਰਤੀ ਨੇ ਮਾਪਿਆਂ ਦਾ ਦਰਦ ਆਪ ਅੰਦਰ ਤੱਕ ਮਹਿਸੂਸ ਕੀਤਾ ।
ਡਾਕਟਰ ਚੱਕਰਵਰਤੀ ਹਾਰ ਨਹੀਂ ਮੰਨਣ ਵਾਲੇ ਨਹੀਂ ਸਨ ਜਾਹਿਦ ਅਤੇ ਸੋਬਿਆ ਦੇ ਲਈ ਆਪਣੇ ਹੱਥਾਂ ਵਿੱਚ ਪਾਲੀਆਂ 2 ਧੀਆਂ ਦੇ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਬਹੁਤ ਗਹਿਰਾ ਸੀ । 4 ਸਾਲ ਤੱਕ ਦੋਵਾਂ ਨੇ ਹਿੰਮਤ ਨਹੀਂ ਕੀਤੀ ਕਿ ਮੁੜ ਤੋਂ ਕਿਸੇ ਬੱਚੇ ਨੂੰ ਦੁਨੀਆ ਵਿੱਚ ਲਿਆਉਣ । ਪਰ 2020 ‘ਚ ਸੋਬਿਆ ਤੀਜੀ ਵਾਰ ਫੇਰ ਗਰਭਵਤੀ ਹੋਈ। ਮਾਪਿਆਂ ਨੂੰ ਦੋਵੇਂ ਧੀਆਂ ਦੇ ਨਾਲ ਹੋਏ ਅੰਜਾਮ ਦਾ ਡਰ ਸੱਤਾ ਰਿਹਾ ਸੀ । ਇਸ ਲਈ ਡਾਕਟਰ ਚੱਕਰਵਰਤੀ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਸੋਬਿਆ ਦੇ ਗਰਭ ਵਿੱਚ ਭਰੂਣ ਦੀ ਮੈਡੀਕਲ ਜਾਂਚ ਕੀਤੀ ਤਾਂ ਜਿਸ ਦਾ ਡਰ ਸੀ ਉਹ ਹੀ ਹੋਇਆ ਤੀਜੀ ਬੱਚੀ ਵੀ ‘ਪੋਮਪੇ’ ਰੋਗ ਨਾਲ ਪੀੜਤ ਸੀ। ਪਰ ਇਸ ਵਾਰ ਡਾਕਟਰ ਚੱਕਰਵਰਤੀ ਹਾਰ ਨਹੀਂ ਮੰਨਣ ਵਾਲੇ ਸਨ ।
ਉਨ੍ਹਾਂ ਨੇ ਡਿਊਕ ਯੂਨੀਵਰਸਿਟੀ ਦੀ ਸਕੋਲਰ ਡਾਕਟਰ ਪ੍ਰਿਯਾ ਕ੍ਰਿਸ਼ਨਾਨੀ ਨਾਲ ਸਲਾਹ ਕੀਤੀ ਅਤੇ ਓਟਾਵਾ ਹਸਪਤਾਲ ਦੀ ਮੰਨੀ-ਪਰਮੰਨੀ ਭਰੂਣ ਮੈਡੀਕਲ ਮਾਹਿਰ ਡਾਕਟਰ ‘ਕੈਰੇਨ ਫੰਗ’ ਨਾਲ ਸੰਪਰਕ ਕੀਤਾ । ਫਿਰ ਸ਼ੁਰੂ ਹੋ ਗਈ ਮਾਂ ਦੇ ਗਰਭ ਦੇ ਵਿੱਚ ਹੀ ਬੱਚੇ ਦੇ ਇਲਾਜ ਦੀਆਂ ਕੋਸ਼ਿਸ਼ਾਂ ।
ਪਹਿਲੀ ਵਾਰ ਸੀ ਕਿਸੇ ਭਰੂਣ ਦਾ ਇਲਾਜ ਮਾਂ ਦੇ ਗਰਭ ਵਿੱਚ ਹੋਇਆ ਹੋਵੇ ਇਹ ਦੁਨੀਆ ਵਿੱਚ ਪਹਿਲੀ ਵਾਰ ਸੀ ਕਿਸੇ ਭਰੂਣ ਦਾ ਇਲਾਜ ਮਾਂ ਦੇ ਗਰਭ ਵਿੱਚ ਹੋਇਆ ਹੋਵੇ । ਡਾਕਟਰਾਂ ਦੀ ਪੂਰੀ ਟੀਮ ਨੇ ਆਪਣੇ ਤਜਰਬੇ ਅਤੇ ਮੈਡੀਕਲ ਸਾਇੰਸ ਦੀ ਮਦਦ ਉਹ ਜਾਦੂ ਕਰ ਵਿਖਾਇਆ ਜਿਸ ਦੀ ਕਲਪਨਾ ਕਰਨਾ ਮੁਸ਼ਕਿਲ ਸੀ । ਬੱਚੇ ਨੂੰ ਮਾਂ ਦੇ ਪੇਟ ‘ਚ ਸੂਈ ਲਾ ਕੇ ਗਰਭ ਨਾਲ਼ ਰਾਹੀਂ 6 ਵਾਰ ਜ਼ਰੂਰੀ ਐਂਜਾਇਮ ਦਿੱਤੇ ਗਏ । ਇਸ ਇਲਾਜ ਤੋਂ ਬਾਅਦ ਡਾਕਟਰਾਂ ਨੂੰ ਯਕੀਨ ਸੀ ਕਿ ਸੋਬਿਆ ਇਸ ਵਾਰ ਤੰਦਰੁਸਤ ਬੱਚੇ ਨੂੰ ਜਨਮ ਦੇਵੇਗੀ । 22 ਜੂਨ 2021 ਨੂੰ ਤੀਜੀ ਵਾਰ ਧੀ ਦਾ ਜਨਮ ਹੋਇਆ । ਜਿਸ ਦਾ ਨਾਂ ਰੱਖਿਆ ਗਿਆ ਸੀ ਆਇਲਾ। ਇਲਾਜ ਦੇ ਬਾਵਜੂਦ ਮਾਪਿਆਂ ਅਤੇ ਡਾਕਟਰਾਂ ਦੇ ਮਨ ਵਿੱਚ ਡਰ ਬਣਿਆ ਹੋਇਆ ਸੀ । ਇਸ ਲਈ ਬੱਚੀ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ। 16 ਮਹੀਨੇ ਬਾਅਦ ਡਾਕਟਰਾਂ ਵੱਲੋਂ ਆਇਲਾ ਦੇ ਰੋਗ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ।
ਮੈਡੀਕਲ ਸਾਇੰਸ ਦੇ ਇਤਿਹਾਸ ਵਿੱਚ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਆਇਲਾ ਦਾ ਜਿਸ ਤਰ੍ਹਾਂ ਨਾਲ ਮਾਂ ਦੇ ਗਰਭ ਵਿੱਚ ਇਲਾਜ ਕੀਤਾ ਗਿਆ ਉਹ ਮੈਡੀਕਲ ਸਾਇੰਸ ਦੇ ਇਤਿਹਾਸ ਵਿੱਚ ਬਹੁਤ ਅਹਿਮ ਹੈ ਅਤੇ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ ਇਸੇ ਲਈ ਇਸ ਨੂੰ ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਨ ਦੇ ਵਿੱਚ ਪਬਲਿਸ਼ ਕੀਤਾ ਗਿਆ ਹੈ । ਜਾਹਿਦ ਅਤੇ ਸੋਬਿਆ ਵਰਗੇ ਅਜਿਹੇ ਕਈ ਮਾਪਿਆਂ ਹੋਣਗੇ ਜੋ ਅਜਿਹੀ ਬਿਮਾਰੀ ਦੀ ਵਜ੍ਹਾ ਕਰ ਕੇ ਔਲਾਦ ਦੇ ਸੁੱਖ ਤੋਂ ਵਾਂਝੇ ਹੋਣਗੇ ਇਹਨਾਂ ਸਾਰਿਆਂ ਦੇ ਲਈ ਆਇਲਾ ਇੱਕ ਉਮੀਦ ਬਣ ਕੇ ਸਾਹਮਣੇ ਆਈ ਹੈ । ਆਇਲਾ ਨੂੰ ਦੁਨੀਆ ਵਿੱਚ ਲਿਆਉਣ ਵਾਲੇ ਮਾਪਿਆਂ ਜਾਹਿਦ ਅਤੇ ਸੋਬਿਆ ਦੇ ਹੌਸਲੇ ਦੀ ਦਾਤ ਦੇਣੀ ਹੋਵੇਗੀ ਇਸ ਦੇ ਨਾਲ ਜਿਸ ਸ਼ਿੱਦਤ ਦੇ ਨਾਲ ਡਾਕਟਰ ਚੱਕਰਵਰਤੀ ਪਰਿਵਾਰ ਨਾਲ ਖੜੇ ਰਹੇ ਉਹ ਵੀ ਕਾਬਲੇ ਤਾਰੀਫ਼ ਹੈ ।