India International

ਨਿੱਝਰ ਮਾਮਲੇ ‘ਚ ਕੈਨੇਡਾ ਦਾ ਨਵਾਂ ਤੇ ਵੱਡਾ ਖ਼ੁਲਾਸਾ! ਭਾਰਤ ਨੂੰ ਖ਼ਬਰ ਤੱਕ ਨਹੀਂ ਲੱਗੀ, ਕਰ ਦਿੱਤਾ ਇਹ ਕੰਮ

ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡੀਅਨ ਇੰਟੈਲੀਜੈਂਸ ਏਜੰਸੀ (CSIS) ਨੇ ਇਸ ਸਾਲ ਫਰਵਰੀ ਤੇ ਮਾਰਚ ਵਿੱਚ ਦੋ ਵਾਰ ਗੁਪਤ ਰੂਪ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਹ ਜਾਣਕਾਰੀ CSIS ਦੇ ਡਾਇਰੈਕਟਰ ਡੇਵਿਡ ਵਿਗਨੋਲਟ (David Vigneault) ਨੇ ਐਤਵਾਰ (9 ਮਈ) ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਨਿੱਝਰ ਦੇ ਕਤਲ ਕੇਸ ਨਾਲ ਸਬੰਧਤ ਮਾਮਲੇ ਦੀ ਜਾਣਕਾਰੀ ਭਾਰਤੀ ਅਧਿਕਾਰੀਆਂ ਨੂੰ ਦੇਣ ਲਈ ਭਾਰਤ ਆਏ ਸਨ।

18 ਜੂਨ, 2023 ਦੀ ਸ਼ਾਮ ਨੂੰ, ਸਰੀ ਸ਼ਹਿਰ ਦੇ ਇੱਕ ਗੁਰਦੁਆਰੇ ਤੋਂ ਨਿਕਲਦੇ ਸਮੇਂ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਿਛਲੇ ਸਾਲ 18 ਸਤੰਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਸੀ, ਜਿਸ ਨੂੰ ਭਾਰਤ ਨੇ ਨਕਾਰ ਦਿੱਤਾ ਸੀ।

CSIS ਦੇ ਇਸ ਦੌਰੇ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਨੇ ਨਿੱਝਰ ਕਤਲ ਕੇਸ ਵਿੱਚ ਪਿਛਲੇ ਮਹੀਨੇ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਮਹੀਨੇ ਐਡਮਿੰਟਨ ਸਥਿਤ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਇਸ ਕੇਸ ਵਿੱਚ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਚੌਥੇ ਭਾਰਤੀ ਅਮਨਦੀਪ ਸਿੰਘ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ।

ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਲਜ਼ਾਮ ਲਾਇਆ ਸੀ ਕਿ ਕੈਨੇਡਾ ਉਨ੍ਹਾਂ ਲੋਕਾਂ ਨੂੰ ਵੀਜ਼ਾ ਦਿੰਦਾ ਹੈ ਜੋ ਭਾਰਤ ਵਿੱਚ ‘ਵਾਂਟਿਡ’ ਹਨ। ਉਨ੍ਹਾਂ ਕਿਹਾ ਸੀ ਕਿ ‘ਸੰਗਠਿਤ ਅਪਰਾਧ ਨਾਲ ਜੁੜੇ ਪੰਜਾਬ ਦੇ ਲੋਕਾਂ ਦਾ ਕੈਨੇਡਾ ‘ਚ ਸਵਾਗਤ ਹੈ।’

ਦੱਸ ਦੇਈਏ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਇਸ ਕਤਲ ਦੀ ਜਾਂਚ ਕਰ ਰਹੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਸੀਐਸਆਈਐਸ ਨਾਲ ਜੁੜੇ ਕੁਝ ਲੋਕ ਭਾਰਤ ਗਏ ਸਨ, ਪਰ ਇਸ ਵਾਰ ਉਨ੍ਹਾਂ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸੀਐਸਆਈਐਸ ਨੇ ਭਾਰਤੀ ਅਧਿਕਾਰੀਆਂ ਨਾਲ ਕੀ ਗੱਲਬਾਤ ਕੀਤੀ ਹੈ।