ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪੜ੍ਹਾਈ ਅਤੇ ਨੌਕਰੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਪਰ ਹੁਣ ਭਾਰਤੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਨਵੇਂ ਐਲਾਨ ਤੋਂ ਬਾਅਦ ਕੈਨੇਡਾ ‘ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਲਈ ਮੁਸ਼ਕਿਲਾਂ ਵਧ ਸਕਦੀਆਂ ਹਨ।ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਪਰਮਿਟ ਹੋਰ ਵੀ ਘੱਟ ਕੀਤੇ ਜਾਣਗੇ।
We’re granting 35% fewer international student permits this year. And next year, that number’s going down by another 10%.
Immigration is an advantage for our economy — but when bad actors abuse the system and take advantage of students, we crack down.
— Justin Trudeau (@JustinTrudeau) September 18, 2024
ਉਨ੍ਹਾਂ ਨੇ ‘ਐਕਸ’ ‘ਤੇ ਇਸ ਸਬੰਧੀ ਇਕ ਪੋਸਟ ਵੀ ਕੀਤੀ ਹੈ। ਜਸਟਿਨ ਟਰੂਡੋ ਨੇ ਆਪਣੀ ਪੋਸਟ ਵਿੱਚ ਲਿਖਿਆ, “ਅਸੀਂ ਇਸ ਸਾਲ ਤੋਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 35 ਪ੍ਰਤੀਸ਼ਤ ਘੱਟ ਪਰਮਿਟ ਦੇ ਰਹੇ ਹਾਂ। ਅਗਲੇ ਸਾਲ ਇਸ ਨੂੰ 10 ਫੀਸਦੀ ਹੋਰ ਘਟਾਇਆ ਜਾਵੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਲਿਖਿਆ ਕਿ ਪ੍ਰਵਾਸ ਨਾਲ ਸਾਡੀ ਆਰਥਿਕਤਾ ਨੂੰ ਫਾਇਦਾ ਹੁੰਦਾ ਹੈ। ਪਰ ਜਦੋਂ ਕੁਝ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਹਨ, ਤਾਂ ਸਾਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪੈਂਦੀ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਅਜਿਹੇ ‘ਚ ਕੈਨੇਡਾ ਸਰਕਾਰ ਦਾ ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।
‘ਕੈਨੇਡਾ ਆਉਣਾ ਸਨਮਾਨ ਹੈ, ਅਧਿਕਾਰ ਨਹੀਂ’
ਸਰਕਾਰ ਦੇ ਅਨੁਸਾਰ, ਕੈਨੇਡਾ 2025 ਵਿੱਚ 437,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। 2024 ਵਿੱਚ ਇਹ 485,000 ਹੈ। ਸਾਲ 2026 ਵਿੱਚ ਵੀ ਪਰਮਿਟਾਂ ਦੀ ਗਿਣਤੀ 437,000 ਰਹੇਗੀ। ਇਸ ਤੋਂ ਪਹਿਲਾਂ 2023 ਵਿੱਚ ਕੈਨੇਡਾ ਨੇ 509,390 ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਸਨ।
ਮੀਡੀਆ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, ‘ਕੈਨੇਡਾ ਆਉਣਾ ਸਨਮਾਨ ਹੈ, ਅਧਿਕਾਰ ਨਹੀਂ। ਉਸਨੇ ਕਿਹਾ ਕਿ ਹਕੀਕਤ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕਦਾ ਇਸੇ ਤਰ੍ਹਾਂ ਜਿਹੜੇ ਲੋਕ ਕੈਨੇਡਾ ਵਿੱਚ ਹਨ ਅਤੇ ਇੱਥੇ ਰਹਿਣਾ ਚਾਹੁੰਦੇ ਹਨ, ਉਹ ਇੱਥੇ ਨਹੀਂ ਰਹਿ ਸਕਣਗੇ।
ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਸਟੱਡੀ ਪਰਮਿਟ ‘ਤੇ ਕੈਨੇਡਾ ਜਾ ਰਹੇ ਹਨ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ 2022 ਦੇ ਮੁਕਾਬਲੇ 2023 ਵਿੱਚ ਐਕਟਿਵ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਲਗਭਗ 29 ਫੀਸਦੀ ਵਧ ਕੇ 10 ਲੱਖ 40 ਹਜ਼ਾਰ ਹੋ ਗਈ ਹੈ।
ਇਨ੍ਹਾਂ ਵਿੱਚੋਂ ਚਾਰ ਲੱਖ 87 ਹਜ਼ਾਰ ਭਾਰਤੀ ਵਿਦਿਆਰਥੀ ਸਨ। ਇਹ 2022 ਦੇ ਮੁਕਾਬਲੇ 33.8 ਫੀਸਦੀ ਜ਼ਿਆਦਾ ਹੈ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਔਸਤ ਕੈਨੇਡੀਅਨ ਵਿਦਿਆਰਥੀ ਨਾਲੋਂ ਤਿੰਨ ਗੁਣਾ ਵੱਧ ਫੀਸ ਅਦਾ ਕਰਨੀ ਪੈਂਦੀ ਹੈ। ਕੈਨੇਡਾ ਸਰਕਾਰ ਦੀ 2022 ਦੀ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇੱਥੋਂ ਦੀ ਆਰਥਿਕਤਾ ਵਿੱਚ 22 ਬਿਲੀਅਨ ਕੈਨੇਡੀਅਨ ਡਾਲਰ ਦਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਲਗਭਗ 2.2 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ।