ਕੈਨੇਡਾ : 11 ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ ਗੈਰੀ ਜਗੂਰ ਸਿੰਘ (68 ਸਾਲ) ਨੂੰ ਕੈਨੇਡਾ ਸਰਕਾਰ ਨੇ ਪੈਰੋਲ ਦਿੱਤੀ ਹੈ। ਦੋਸ਼ੀ ਨੇ ਜਨਵਰੀ 1988 ਤੋਂ ਅਗਸਤ 1991 ਦਰਮਿਆਨ 11 ਔਰਤਾਂ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ‘ਮਾਰਪੋਲ ਰੇਪਿਸਟ’ ਕਿਹਾ ਗਿਆ ਸੀ।
1994 ਵਿੱਚ ਅਦਾਲਤ ਨੇ ਉਸ ਨੂੰ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਅਣਮਿੱਥੇ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਜਗੂਰ ਸਿੰਘ ਨੂੰ ਪੈਰੋਲ ਮਿਲਣ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਵਿਚ ਚਿੰਤਾ ਵਧ ਗਈ ਹੈ। ਮਾਰਪੋਲ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਟਾਊਨਸ਼ਿਪ ਹੈ।
ਦੋਸ਼ੀ ਨੂੰ ਪੈਰੋਲ ਬੋਰਡ ਦੀਆਂ ਸ਼ਰਤਾਂ ਦੀ ਕਰਨੀ ਹੋਵੇਗੀ ਪਾਲਣਾ
ਪੈਰੋਲ ਬੋਰਡ ਨੇ ਕਿਹਾ ਹੈ ਕਿ ਰਿਹਾਈ ਦੌਰਾਨ ਸਿੰਘ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਉਸ ਨੂੰ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਕਰਨਾ ਹੋਵੇਗਾ। ਦੋਸ਼ੀ ਦੇ ਸ਼ਰਾਬ ਪੀਣ ’ਤੇ ਵੀ ਪਾਬੰਦੀ ਲਾਈ ਗਈ ਹੈ।
ਜੂਨ 1994 ਵਿਚ ਗੈਰੀ ਜਗੁਰ ਸਿੰਘ ਨੂੰ ਹਥਿਆਰਾਂ ਦੇ ਜ਼ੋਰ ‘ਤੇ ਜਬਰ- ਜ਼ਨਾਹ ਦੇ 11 ਮਾਮਲਿਆਂ, ਜਾਣਬੁੱਝ ਕੇ ਭੰਨਤੋੜ ਕਰਨ ਦੇ 8 ਅਤੇ ਲੁੱਟ-ਖੋਹ ਦੇ 3 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਵੈਨਕੂਵਰ ਦੇ ਮਾਰਪੋਲ ‘ਚ 8 ਔਰਤਾਂ ਦੇ ਅਪਾਰਟਮੈਂਟਸ ਨੂੰ ਨਿਸ਼ਾਨਾ ਬਣਾਇਆ ਸੀ।
ਉਸ ਨੇ ਸਾਰੀਆਂ ਔਰਤਾਂ ਨਾਲ ਉਦੋਂ ਜਬਰ-ਜ਼ਨਾਹ ਕੀਤਾ, ਜਦੋਂ ਉਹ ਸੌਂ ਰਹੀਆਂ ਸਨ। ਗਲੋਬਲ ਨਿਊਜ਼ ਦੇ ਅਨੁਸਾਰ ਕਈ ਮਾਮਲਿਆਂ ਵਿਚ ਉਸ ਨੇ ਔਰਤਾਂ ਨੂੰ ਜਗਾਇਆ, ਉਨ੍ਹਾਂ ਦੇ ਗਲੇ ਤੇ ਚਾਕੂ ਰੱਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ 3 ਹੋਰ ਔਰਤਾਂ ਸੜਕ ‘ਤੇ ਰੋਕ ਕੇ ਹਮਲਾ ਕੀਤਾ ਸੀ।