ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨਰਮ ਹੁੰਦੀ ਨਜ਼ਰ ਆ ਰਹੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਭਾਰਤ ਨਾਲ ਸਬੰਧਾਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇੰਡੋ-ਪੈਸੀਫਿਕ ਰਣਨੀਤੀ ਵਰਗੀਆਂ ਭਾਈਵਾਲੀ ਨੂੰ ਜਾਰੀ ਰੱਖੇਗਾ। ਬਲੇਅਰ ਨੇ ਕਿਹਾ ਕਿ ਭਾਰਤ ਨਾਲ ਮਹੱਤਵਪੂਰਨ ਗੱਠਜੋੜ ਉਦੋਂ ਵੀ ਬਣਿਆ ਰਹੇਗਾ, ਜਦੋਂ ਉਨ੍ਹਾਂ ਦਾ ਦੇਸ਼ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੀ ਜਾਂਚ ਕਰ ਰਿਹਾ ਹੈ।
‘ਦਿ ਵੈਸਟ ਬਲਾਕ’ ਨੂੰ ਦਿੱਤੀ ਇੰਟਰਵਿਊ ‘ਚ ਬਲੇਅਰ ਨੇ ਭਾਰਤ ਨਾਲ ਸਬੰਧਾਂ ਨੂੰ ਮਹੱਤਵਪੂਰਨ ਦੱਸਿਆ ਅਤੇ ਕਿਹਾ ਕਿ ਦੋਸ਼ਾਂ ਦੀ ਜਾਂਚ ਜਾਰੀ ਰਹਿਣ ਤੱਕ ਕੈਨੇਡਾ ਭਾਰਤ ਨਾਲ ਭਾਈਵਾਲੀ ਨੂੰ ਜਾਰੀ ਰੱਖੇਗਾ।
ਉਨ੍ਹਾਂ ਨੇ ਕਿਹਾ- ਅਸੀਂ ਸਮਝਦੇ ਹਾਂ ਕਿ ਭਾਰਤ ਨਾਲ ਸਾਡੇ ਸਬੰਧਾਂ ਦੇ ਸਬੰਧ ਵਿੱਚ ਇਹ ਇੱਕ ਚੁਣੌਤੀਪੂਰਨ ਮੁੱਦਾ ਸਾਬਤ ਹੋ ਸਕਦਾ ਹੈ। “ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਾਨੂੰਨ ਨੂੰ ਕਾਇਮ ਰੱਖੀਏ, ਆਪਣੇ ਨਾਗਰਿਕਾਂ ਦੀ ਰੱਖਿਆ ਕਰੀਏ ਅਤੇ ਇਹ ਵੀ ਯਕੀਨੀ ਕਰੀਏ ਕਿ ਅਸੀਂ ਜਾਂਚ ਨੂੰ ਪੂਰਾ ਕਰੀਏ ਅਤੇ ਸੱਚਾਈ ਤੱਕ ਪਹੁੰਚੀਏ।”
ਬਲੇਅਰ ਨੇ ਕਿਹਾ ਕਿ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੋਵੇਗੀ ਅਤੇ ਕੈਨੇਡਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਵੇਗਾ। ਪਿਛਲੇ ਹਫ਼ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਦੋਸ਼ ਲਗਾਇਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਇਸ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਿਆ ਹੈ।
ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਭਾਰਤ ਨੇ ਫ਼ਿਲਹਾਲ ਆਪਣੇ ਸਟਾਫ਼ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿੱਚ ਵੀਜ਼ਾ ਸੇਵਾ ਬੰਦ ਕਰ ਦਿੱਤੀ ਹੈ। ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ।ਸਾਲ 2020 ਵਿੱਚ ਭਾਰਤ ਨੇ ਨਿੱਝਰ ਨੂੰ ‘ਅੱਤਵਾਦੀ’ ਐਲਾਨ ਦਿੱਤਾ ਸੀ।
ਭਾਰਤ ਨੇ ਕੈਨੇਡਾ ਨੂੰ ਦੇਸ਼ ਵਿੱਚ ਆਪਣੇ ਡਿਪਲੋਮੈਟਿਕ ਸਟਾਫ਼ ਦੀ ਗਿਣਤੀ ਘਟਾਉਣ ਲਈ ਵੀ ਕਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀ ਕੂਟਨੀਤਕ ਮੌਜੂਦਗੀ ਵਿੱਚ ਗਿਣਤੀ ਅਤੇ ਦਰਜੇ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ। ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਿਕ ਸਟਾਫ਼ ਦੀ ਗਿਣਤੀ ਕੈਨੇਡਾ ਵਿੱਚ ਭਾਰਤੀ ਸਟਾਫ਼ ਨਾਲੋਂ ਜ਼ਿਆਦਾ ਹੈ।