International

ਕੈਨੇਡਾ ‘ਚ ਇਹ ਲੋਕ ਨਹੀਂ ਖਰੀਦ ਸਕਣਗੇ ਘਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਅਹਿਮ ਫੈਸਲਾ ਲੈਂਦਿਆਂ ਵਿਦੇਸ਼ੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਘਰ ਖਰੀਦੇ ਜਾਣ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਕਨੇਡਾ ਵਿੱਚ ਲਗਾਤਾਰ ਮਹਿੰਗੀ ਹੁੰਦੀ ਹਾਊਸਿੰਗ ਮਾਰਕੀਟ ਨੂੰ ਠੱਲ ਪਾਈ ਜਾ ਸਕੇ ਤੇ ਕੈਨੇਡਾ ਵਾਸੀਆਂ ਲਈ ਆਪਣੇ ਸੁਪਨਿਆਂ ਦੇ ਘਰ ਖਰੀਦਣਾ ਆਸਾਨ ਰਹੇ।

ਕੈਨੇਡਾ ਸਰਕਾਰ ਦਾ ਇਹ ਫੈਸਲਾ ਆਉਂਦੇ ਅਗਲੇ 2 ਸਾਲ ਅਮਲ ਵਿੱਚ ਰਹੇਗਾ। ਸਰਕਾਰ ਵੱਲੋਂ 40 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਪਹਿਲਾ ਘਰ ਖਰੀਦਣ ਮੌਕੇ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ ਅਤੇ ਟੈਕਸ ਫਰੀ ਫਰਸਟ ਹੋਮ ਸੇਵਿੰਗ ਅਕਾਊਂਟ ਰਾਹੀਂ $40,000 ਤੱਕ ਦੀ ਬੱਚਤ ਕੀਤੀ ਜਾ ਸਕੇਗੀ। ਸਰਕਾਰ ਵੱਲੋਂ ਆਉਂਦੇ ਪੰਜ ਸਾਲਾਂ ਵਿੱਚ ਹਾਊਸਿੰਗ ਪੈਕੇਜ ਤਹਿਤ $10 ਬਿਲੀਅਨ ਖਰਚੇ ਜਾਣ ਦਾ ਵਿਚਾਰ ਹੈ।

ਉੱਧਰ ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ 2 ਜੂਨ ਤੋਂ ਸਤੰਬਰ 2022 ਦੇ ਸ਼ੁਰੂ ਤੱਕ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਕੈਨੇਡਾ ਵੱਲੋਂ ਇਹ ਕਦਮ ਰੂਸ-ਯੂਕਰੇਨ ਯੁੱਧ ਕਰਕੇ ਚੁੱਕਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਕਾਰਨ ਇਨ੍ਹਾਂ ਉਡਾਣਾਂ ਨੂੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਇਹਨਾਂ ਰੂਟਾਂ ਰਾਹੀਂ ਯਾਤਰਾ ਹੋਰ ਮੁਸ਼ਕਿਲ ਹੋ ਜਾਂਦੀ ਹੈ, ਇਸ ਲਈ 6 ਸਤੰਬਰ ਤੱਕ ਦਿੱਲੀ ਦੀਆਂ ਫਲਾਈਟਾਂ ਬੰਦ ਕੀਤੀਆਂ ਗਈਆਂ ਹਨ। ਜਿਹੜੇ ਮੁਸਾਫ਼ਰਾਂ ਨੇ ਇਸ ਅਰਸੇ ਦੌਰਾਨ ਏਅਰ ਕੈਨੇਡਾ ਦੀਆਂ ਟਿਕਟਾਂ ਬੁੱਕ ਕੀਤੀਆਂ ਹਨ, ਉਹਨਾਂ ਦਾ ਏਅਰ ਕੈਨੇਡਾ ਵੱਲੋਂ ਬਦਲਵੀਆਂ ਏਅਰਲਾਈਨਜ਼ ਰਾਹੀਂ ਸਫਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।