International Punjab

ਕੈਨੇਡਾ ‘ਚ ਇੰਦਰਾ ਗਾਂਧੀ ਦੀ ਝਾਂਕੀ ‘ਤੇ ਭਾਰਤ ਸਖ਼ਤ !

ਬਿਊਰੋ ਰਿਪੋਰਟ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 9 ਸਾਲ ਦੀ ਵਿਦੇਸ਼ ਪਾਲਿਸੀ ਨੂੰ ਲੈਕੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਨੂੰ ਕੱਢਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ‘ਤੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਸਾਫ ਕਿਹਾ ਕਿ ਦੋਵੇ ਮੁਲਕਾਂ ਦੇ ਰਿਸ਼ਤਿਆਂ ਦੇ ਲਈ ਇਹ ਸਹੀ ਨਹੀਂ ਹੈ, ਸਾਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਅਜਿਹਾ ਕਿਉਂ ਹੋਣ ਦਿੰਦੇ ਹਨ ? ਵੋਟ ਬੈਂਕ ਦੀ ਸਿਆਸਤ ਦੇ ਇਲਾਵਾ ਇਸ ਦੇ ਪਿੱਛੇ ਹੋਰ ਕੁਝ ਨਹੀਂ ਹੈ । ਵੱਖਵਾਦੀਆਂ ਨੂੰ ਛੋਟ ਦੇਣਾ ਸਿਰਫ ਭਾਰਤ ਲਈ ਹੀ ਨਹੀਂ ਕੈਨੇਡਾ ਦੇ ਲਈ ਵੀ ਚੰਗਾ ਨਹੀਂ ਹੈ । ਉਨ੍ਹਾਂ ਕਿਹਾ ਕੈਨੇਡਾ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ, ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਉਨ੍ਹਾਂ ਨੇ ਵੱਖਵਾਦੀਆਂ ਨੂੰ ਆਪਣੀ ਧਰਤੀ ‘ਤੇ ਭਾਰਤ ਵਿਰੋਧੀ ਕੰਮ ਕਰਨ ਲਈ ਥਾਂ ਦਿੱਤੀ ਹੋਵੇ,ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਵਿਦੇਸ਼ ਮੰਤਰੀ ਜੈਸ਼ੰਕਰਨ ਨੇ ਕਿਹਾ ਸਿਰਫ ਕੈਨੇਡਾ ਵਿੱਚ ਹੀ ਨਹੀਂ ਬ੍ਰਿਟੇਨ ਵਿੱਚ ਵੀ ਜਦੋਂ ਭਾਰਤੀ ਝੰਡੇ ਦਾ ਅਪਮਾਨ ਕੀਤਾ ਗਿਆ ਸੀ ਤਾਂ ਵੀ ਅਸੀਂ ਇਸ ਦੇ ਖਿਲਾਫ ਇੰਗਲੈਂਡ ਸਾਹਮਣੇ ਚਿੰਤਾ ਜ਼ਾਹਿਰ ਕੀਤੀ ਸੀ,ਆਸਟ੍ਰੇਲੀਆ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਪਰ ਉਨ੍ਹਾਂ ਨੇ ਸਾਡੀ ਗੱਲ ਨੂੰ ਸਮਝਿਆ ਅਤੇ ਖਾਲਿਸਤਾਨ ਪੱਖੀਆਂ ‘ਤੇ ਲਗਾਮ ਲਗਾਈ ਹੈ । ਉਧਰ ਕੈਨੇਡਾ ਵਿੱਚ ਝਾਂਕੀ ਮਾਮਲੇ ਵਿੱਚ ਬੀਜੇਪੀ ਦੇ ਆਗੂ ਆਰ.ਪੀ ਸਿੰਘ ਅਤੇ SGPC ਦਾ ਬਿਆਨ ਵੀ ਸਾਹਮਣੇ ਆਇਆ ਹੈ ।

‘ਇਤਿਹਾਸ ਨੂੰ ਝਾਂਕੀ ਦੇ ਰੂਪ ਵਿੱਚ ਵਿਖਾਉਣਾ ਗਲਤ ਨਹੀਂ’

ਉਧਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕੈਨੇਡਾ ਵਿੱਚ ਜਿਹੜੀ ਇੰਦਰਾ ਗਾਂਧੀ ਨੂੰ ਲੈਕੇ ਝਾਂਕੀ ਕੱਢੀ ਗਈ ਹੈ ਉਸ ਵਿੱਚ ਕੁਝ ਗਲਤ ਨਹੀਂ ਹੈ, ਉਨ੍ਹਾਂ ਕਿਹਾ ਇਤਿਹਾਸ ਨੂੰ ਵਿਖਾਉਣਾ ਕਿਵੇ ਗਲਤ ਹੋ ਸਕਦਾ ਹੈ । ਅਸੀਂ ਝਾਂਕੀ ਦੇ ਰੂਪ ਵਿੱਚ ਜਨਰਲ ਡਾਇਰਲ ਨੂੰ ਵਿਖਾਉਂਦੇ ਹਾਂ ਕਿਵੇ ਉਸ ਨੇ ਜਲ੍ਹਿਆਂਵਾਲਾ ਬਾਗ ਵਿੱਚ ਜ਼ੁਲਮ ਕੀਤਾ ਤਾਂ ਅਸੀਂ ਇੰਦਰਾ ਗਾਂਧੀ ਵੱਲੋਂ ਸਿੱਖਾਂ ‘ਤੇ ਕੀਤੇ ਜ਼ੁਲਮ ਬਾਰੇ ਕਿਉਂ ਨਹੀਂ ਦੱਸ ਸਕਦੇ ਹਾਂ, ਗਰੇਵਾਲ ਨੇ ਕਿਹਾ ਹੈ ਇਹ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੈ ਅਸੀਂ ਇਸ ਤੋਂ ਕਿਵੇਂ ਦੂਰ ਹੋ ਸਕਦੇ ਹਾਂ। ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਅਸੀਂ ਕੁਝ ਦਿਨ ਪਹਿਲਾਂ ਹੀ ਘਲੂਘਾਰੇ ਦੇ ਦਿਹਾੜੇ ਮੌਕੇ ਉਸ ਵੇਲੇ ਜਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਗਤਾਂ ਦੇ ਦਰਸ਼ਨ ਲਈ ਰੱਖੇ ਸਨ ।

‘ਮੈਂ ਹੈਰਾਨ ਹੋ ਗਿਆ ਤਸਵੀਰਾਂ ਵੇਖਕੇ’

ਬੀਜੇਪੀ ਦੇ ਕੌਮੀ ਬੁਲਾਰੇ ਆਰ.ਪੀ ਸਿੰਘ ਨੇ ਕਿਹਾ ਮੈਂ ਸਿੱਖ ਹੋਣ ਦੇ ਨਾਤੇ ਬਰੈਮਟਨ ਵਿੱਚ 5 ਕਿਲੋਮੀਟਰ ਲੰਮੀ ਪਰੇਡ ਵੇਖ ਕੇ ਹੈਰਾਨ ਹੋ ਗਿਆ ਜਿਸ ਵਿੱਚ ਵਿਖਾਇਆ ਗਿਆ ਹੈ ਹੈ ਕਿਵੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀ,ਸਿੱਖ ਕਦੇ ਵੀ ਹਿੰਸਾ ਨੂੰ ਪਰਮੋਟ ਨਹੀਂ ਕਰਦੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਨੁੱਖਤਾ ਦਾ ਪਾਠ ਪੜਾਇਆ ਹੈ। ਕੈਨੇਡਾ ਸਰਕਾਰ ਨੂੰ ਅਜਿਹੇ ਲੋਕਾਂ ਦੇ ਖਿਲਾਫ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ ਜੋ ਹਿੰਸਾ ਨੂੰ ਵਧਾਵਾ ਦੇ ਰਹੇ ਹਨ।