India International Punjab Religion

ਨਿੱਝਰ ਕਤਲਕਾਂਡ ‘ਚ 3 ਮੁਲਜ਼ਮ ਗ੍ਰਿਫਤਾਰ! ਲਾਰੈਂਸ ਗੈਂਗ ਨਾਲ ਸਬੰਧ!

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਕੈਨੇਡਾ ਪੁਲਿਸ ਨੇ ਹਰਦੀਪ ਸਿੰਘ ਨਿੱਝਰ (HARDEEP SINGH NIJJAR ) ਕਤਲਕਾਂਡ ਵਿੱਚ 3 ਭਾਰਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਦੀ ਨਿਊਜ਼ ਏਜੰਸੀ CBC ਦੀ ਰਿਪੋਰਟ ਦੇ ਮੁਤਾਬਿਕ ਐਡਮੰਟਨ ਸ਼ਹਿਰ ਤੋਂ ਤਿੰਨਾਂ ਦੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਕਈ ਮਹੀਨਿਆਂ ਤੋਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਨੇ ਜਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨਾਂ ਦਾ ਨਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਸੀ। ਤਿੰਨਾਂ ਦਾ ਸਬੰਧ ਲਾਰੈਂਸ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਇਹ ਸਾਰੇ 2021 ਵਿੱਚ ਆਰਜੀ ਵੀਜ਼ਾ ‘ਤੇ ਕੈਨੇਡਾ ਗਏ ਸਨ। ਪੁਲਿਸ ਨੇ ਕਿਹਾ ਹੈ ਇਸ ਮਾਮਲੇ ਦੀ ਜਾਂਚ ਇੱਥੇ ਨਹੀਂ ਰੁਕਦੀ ਹੈ ਇਸ ਵਿੱਚ ਹੋਰ ਮੁਲਜ਼ਮ ਵੀ ਸ਼ਾਮਲ ਹਨ ਜਿੰਨਾਂ ਦੀ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਕਤਲ ਵਿੱਚ ਤਿੰਨਾਂ ਦਾ ਵੱਖ-ਵੱਖ ਰੋਲ ਸੀ

ਕੈਨੇਡਾ ਪੁਲਿਸ ਦੇ ਮੁਤਾਬਕ ਨਿੱਝਰ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਤਿੰਨਾਂ ਦਾ ਵੱਖ-ਵੱਖ ਰੋਲ ਸੀ। ਇਨ੍ਹਾਂ ਵਿੱਚੋਂ ਇੱਕ ਦੀ ਜ਼ਿੰਮੇਵਾਰੀ ਸੀ ਨਿੱਝਰ ਦੀ ਲੋਕੇਸ਼ਨ ਦਾ ਪਤਾ ਲਗਾਉਣਾ। ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜਾ ਜਿਸ ਨੇ ਗੋਲੀਆਂ ਚਲਾਉਣ ਦਾ ਕੰਮ ਕੀਤਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਂਕ ਤੋਂ ਨਿੱਝਰ ਕਤਲਕਾਂਡ ਨੂੰ ਲੈਕੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਭਾਰਤ ਦਾ ਹੱਥ ਹੋਣ ਦੇ ਸ਼ੱਕ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ। ਲੇਬਲਾਂਕ ਨੇ ਕਿਹਾ, ਮੈਨੂੰ ਕੈਨੇਡਾ ਦੀ ਸੁਰੱਖਿਆ ਇੰਤਜ਼ਾਮਾਂ ਅਤੇ ਪੁਲਿਸ ‘ਤੇ ਪੂਰਾ ਭਰੋਸਾ ਹੈ। ਪੁਲਿਸ ਨੇ ਨਿੱਝਰ ਕਤਲ ਕੇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਹੈ। ਇਸ ਵਿੱਚ ਭਾਰਤ ਦਾ ਲਿੰਕ ਹੈ ਜਾਂ ਨਹੀਂ ਇਸ ਦਾ ਜਵਾਬ ਪੁਲਿਸ ਚੰਗੇ ਤਰੀਕੇ ਨਾਲ ਦੇਵੇਗੀ।

ਪੁਲਿਸ ਨੇ ਬੁਲਾਰੇ ਨੇ ਕਿਹਾ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਸੀ ਕਿ ਸਾਨੂੰ ਭਾਰਤ ਦਾ ਸਹਿਯਗ ਲੈਣ ਵਿੱਚ ਮੁਸ਼ਕਿਲ ਹੋਵੇਗੀ। ਪਰ ਸਥਾਨਕ ਲੋਕਾਂ ਨੇ ਇਸ ਕੇਸ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕੀਤੀ ਹੈ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ। CBC ਨਿਊਜ਼ ਦੇ ਮੁਤਾਬਿਕ ਐਡਮਿੰਟਨ ਵਿੱਚ ਬਦਰਜ਼ ਕੀਪਰਜ਼ ਗੈਂਗ ਦੇ ਹਰਪ੍ਰੀਤ ਉੱਪਲ ਅਤੇ ਉਸ ਦੇ 11 ਸਾਲ ਦੇ ਪੁੱਤਰ ਨੂੰ ਮਾਰਨ ਵਿੱਚ ਵੀ ਇਨ੍ਹਾਂ ਤਿੰਨਾਂ ਦਾ ਹੱਥ ਸੀ। ਇਸ ਤੋਂ ਇਲਾਵਾ ਬੰਬੀਬਾ ਗਰੁੱਪ ਦੇ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੰਨੇਕੇ ਨੂੰ ਮਾਰਨ ਦਾ ਸ਼ੱਕ ਵੀ ਇਸੇ ਗੈਂਗ ‘ਤੇ ਹੈ।

PM ਟਰੂਡੋ ਨੇ ਭਾਰਤ ‘ਤੇ ਇਲਜ਼ਾਮ ਲਗਾਏ ਸਨ

18 ਜੂਨ 2023 ਦੀ ਸ਼ਾਮ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਭਾਰਤ ਸਰਕਾਰ ‘ਤੇ ਨਿੱਝਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ, ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ। ਮਾਮਲੇ ਵਿੱਚ ਐਕਸ਼ਨ ਲੈਂਦੇ ਹੋਏ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ। ਇਸ ਦੇ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਵੱਧ ਗਿਆ ਸੀ।