ਬਿਉਰੋ ਰਿਪੋਰਟ – ਕੈਨੇਡਾ ਦੀ ਪਾਰਲੀਮੈਂਟ ਵਿੱਚ ਹਰਦੀਪ ਸਿੰਘ ਨਿੱਝਰ (HARDEEP SINGH NIJJAR) ਦੀ ਪਹਿਲੀ ਬਰਸੀ ਮੌਕੇ ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (SRI AKAL TAKHAT SAHIB JATHEDAR GIANI RAGHBIR SINGH) ਨੇ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਹੈ।
18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਤਲ ਕਰ ਦਿੱਤਾ ਗਿਆ ਸੀ। 1 ਸਾਲ ਬਾਅਦ ਦਲ ਖ਼ਾਲਸਾ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਨਿੱਝਰ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸੰਤੋਖਸਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਜਿੱਥੇ ਹਰਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਪਰਿਵਾਰ ਨੂੰ ਸਿਰੋਪਾ ਵੀ ਭੇਟ ਕੀਤਾ ਗਿਆ। ਦਲ ਖ਼ਾਲਸਾ ਨੇ ਪਰਿਵਾਰ ਵੱਲੋਂ ਸਿਰੋਪਾ ਲਿਆ।
ਹਰਦੀਪ ਸਿੰਘ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੇ ਪ੍ਰੋਗਰਾਮ ਵਿੱਚ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਅਣਗਿਣਤ ਲੋਕਾਂ ਨੇ ਸਿੱਖੀ ਦੇ ਲਈ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਨੇ ਸਿੱਖਾਂ
ਦੀ ਕੌਮਾਂਤਰੀ ਪੱਧਰ ਦੇ ਹੋਏ ਕਤਲ ਨੂੰ ਲੈ ਕੇ ਅਲਰਟ ਜਾਰੀ ਕਰਦੇ ਹੋਏ ਕਿਹਾ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਤਾਕਤਵਰ ਬਣਾ ਸਕੀਏ।
ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਕੁਝ ਹੀ ਦਿਨ ਪਹਿਲਾਂ ਕੁਝ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਨਿੱਝਰ ਦੇ ਕਤਲ ਦੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (CANADA PM JUSTIN TRUDEAU) ਨੇ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਜਿਸ ਤੋਂ ਬਾਅਦ ਲਗਾਤਾਰ ਦੋਵਾਂ ਦੇਸ਼ਾਂ ਦੇ ਵਿਚਾਰੇ ਰਿਸ਼ਤੇ ਖਰਾਬ ਹੁੰਦੇ ਗਏ।
ਕੈਨੇਡਾ ਨੇ ਭਾਰਤੀ ਅਧਿਕਾਰੀ ਨੂੰ ਵਾਪਸ ਭੇਜਿਆ ਤਾਂ ਭਾਰਤ ਨੇ ਵੀ ਕੈਨੇਡਾ ਦੇ 41 ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ। ਸਿਰਫ਼ ਇੰਨਾ ਹੀ ਨਹੀਂ, ਭਾਰਤ ਸਰਕਾਰ ਨੇ ਤਕਰੀਬਨ 1 ਮਹੀਨੇ ਤੱਕ ਕੈਨੇਡਾ ਦੇ ਨਾਗਰਿਕਾਂ ਦੇ ਲਈ ਭਾਰਤ ਦਾ ਵੀਜ਼ਾ ਵੀ ਸਸਪੈਂਡ ਕਰਕੇ ਰੱਖਿਆ ਸੀ।