International

ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ‘ਚ ਪੰਜਾਬਣਾਂ ਛਾਈਆਂ

‘ਦ ਖ਼ਾਲਸ ਬਿਊਰੋ (ਬਨਵੈਤ /ਪੁਨੀਤ ਕੌਰ) :- ਕੈਨੇਡਾ ਦੇ 44ਵੀਂ ਹਾਊਸ ਆਫ਼ ਕਾਮਨਜ਼ (ਪਾਰਲੀਮੈਂਟ) ਦੀਆਂ ਚੋਣਾਂ 20 ਸਤੰਬਰ ਨੂੰ ਹੋ ਰਹੀਆਂ ਹਨ। ਇਸ ਵਾਰ ਵੀ ਇਨ੍ਹਾਂ ਚੋਣਾਂ ਵਿੱਚ ਪੰਜਾਬੀਆਂ ਨੇ ਆਪਣੀ ਪੂਰੀ ਪੈਂਠ ਬਣਾਈ ਹੈ। ਚੋਣਾਂ ਵਿੱਚ ਨਿੱਤਰੇ ਕੌਮੀ 47 ਪੰਜਾਬੀ  ਉਮੀਦਵਾਰਾਂ ਵਿੱਚੋਂ 23 ਪੰਜਾਬਣਾਂ ਹਨ। ਹਾਊਸ ਆਫ ਕਾਮਨ ਦੀਆਂ 338 ਸੀਟਾਂ ਲਈ ਵੋਟਾਂ ਪੈਣਗੀਆਂ। ਟਰੂਡੋ ਸਰਕਾਰ ਨੇ ਹਾਊਸ ਆਫ ਕਾਮਨਜ਼ ਭੰਗ ਕਰਕੇ 15 ਅਗਸਤ ਨੂੰ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ 23 ਪੰਜਾਬੀ ਮਹਿਲਾ ਉਮੀਦਵਾਰ ਮੈਦਾਨ ਵਿੱਚ ਨਿੱਤਰੀਆਂ ਹਨ। ਇਨ੍ਹਾਂ ਵਿੱਚੋਂ 16 ਉਮੀਦਵਾਰ ਪਹਿਲੀ ਵਾਰ ਚੋਣ ਲੜਨਗੇ ਜਦਕਿ ਸੱਤ ਨੇ ਪਿਛਲੀ ਵਾਰ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪੈਰ ਧਰਿਆ ਸੀ। ਇਨ੍ਹਾਂ ਵਿੱਚੋਂ ਬਹੁਤੇ ਦੂਜੀ ਵਾਰ ਮੈਦਾਨ ਵਿੱਚ ਹਨ।

ਕੈਲਗਰੀ ਸਕਾਈਵਿਊ ਹਲਕੇ ਤੋਂ ਚਾਰ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਲੜ ਰਹੇ ਹਨ। ਇੱਥੋਂ ਜਗਦੀਪ ਕੌਰ ਜੱਗ ਸਹੋਤਾ ਕੰਜ਼ਰਵੇਟਿਵ ਪਾਰਟੀ ਵੱਲੋਂ, ਲਿਬਰਲ ਪਾਰਟੀ ਵੱਲੋਂ ਜਾਰਜ ਚਾਹਲ, ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਗੁਰਿੰਦਰ ਸਿੰਘ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਹੈਰੀ ਢਿੱਲੋਂ ਉਮੀਦਵਾਰ ਹਨ। ਬਰੈਂਪਟਨ ਸਾਊਥ ਵਿੱਚ ਤਿਕੌਣੀ ਮੁਕਾਬਲਾ ਹੈ। ਇੱਥੇ ਕੰਜ਼ਰਵੇਟਿਵ ਪਾਰਟੀ ਵੱਲੋਂ ਰਮਨਜੀਤ ਸਿੰਘ ਬਰਾੜ, ਐੱਨਡੀਪੀ ਵੱਲੋਂ ਤੇਜਿੰਦਰ ਸਿੰਘ ਅਤੇ ਲਿਬਰਲ ਪਾਰਟੀ ਵੱਲੋਂ ਸੋਨੀਆ ਸਿੱਧੂ ਮੈਦਾਨ ਵਿੱਚ ਹਨ।

ਮਿਲੀ ਜਾਣਕਾਰੀ ਅਨੁਸਾਰ ਲਿਬਰਲ ਪਾਰਟੀ ਵੱਲੋਂ ਅਨੀਤਾ ਆਨੰਦ, ਬਰਦੀਸ਼ ਝੱਗਰ, ਅੰਜੂ ਢਿੱਲੋਂ, ਸਵਰੀਨਾ ਗਰੋਵਰ, ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖੈਰਾ, ਨਵਰੀਨ ਗਿੱਲ, ਲਖਵਿੰਦਰ ਝੱਜ ਅਤੇ ਗੁਰਨੀਤ ਗਰੇਵਾਲ ਨੂੰ ਟਿਕਟ ਦਿੱਤੀ ਗਈ ਹੈ। ਐੱਨਡੀਪੀ ਵੱਲੋਂ ਰਾਜਪ੍ਰੀਤ ਕੌਰ ਰਾਜੀ ਧੂਰ ਅਤੇ ਗੁਰਪ੍ਰੀਤ ਗਿੱਲ ਮੈਦਾਨ ਵਿੱਚ ਹਨ। ਕੰਜ਼ਰਵੇਟਿਵ ਪਾਰਟੀ ਵੱਲੋਂ ਜੱਗ ਸਹੋਤਾ, ਟੀਨਾ ਬੈਂਸ, ਮੇਧਾ ਜੋਸ਼ੀ, ਪ੍ਰੀਤੀ ਲਾਂਬਾ, ਇੰਦਰਾ ਬੈਂਸ, ਸੁੱਖੀ ਜੰਡੂ ਅਤੇ ਜਸਵੀਨ ਰਤਨ ਤਕੜੀ ਲੜਾਈ ਦੇ ਰਹੀਆਂ ਹਨ।

ਚੇਤੇ ਕਰਾ ਦਈਏ ਕਿ ਪਿਛਲੀਆਂ 2019 ਦੀਆਂ ਚੋਣਾਂ ਵਿੱਚ ਵੀ ਵੱਡੀ ਗਿਣਤੀ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸਨ ਅਤੇ 19 ਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਸਨ। ਮੈਦਾਨ ਵਿੱਚ ਨਿੱਤਰੇ ਪੰਜਾਬੀ ਉਮੀਦਵਾਰਾਂ ਵਿੱਚੋਂ 16 ਸਿਟਿੰਗ ਮੈਂਬਰ ਪਾਰਲੀਮੈਂਟ ਹਨ। ਕਈ ਥਾਂ ਪੰਜਾਬੀ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਹੈ। ਜਿਹੜੇ ਵੱਡੇ ਪੰਜਾਬੀ ਚਿਹਰੇ ਚੋਣ ਮੈਦਾਨ ਵਿੱਚ ਡਟ ਗਏ ਹਨ, ਉਨ੍ਹਾਂ ਵਿੱਚ ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਓਂਟਾਰੀਉ ਤੋਂ ਕੈਬਨਿਟ ਮੰਤਰੀ ਅਨੀਤਾ ਅਨੰਦ, ਵਾਟਰਲੂ ਤੋਂ ਇੱਕ ਹੋਰ ਕੈਬਨਿਟ ਮੰਤਰੀ ਬਰਦਿਸ਼ ਚੱਗੜ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਦੇ ਨਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੱਖਣੀ ਬਰਨਬੀ ਤੋਂ ਕਿਸਮਤ ਅਜ਼ਮਾ ਰਹੇ ਹਨ।

ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ 18 ਸਿੱਖਾਂ ਨੇ ਚੋਣ ਜਿੱਤ ਕੇ ਝੰਡੇ ਗੱਡੇ ਸਨ। ਕੈਨੇਡਾ ਵਿੱਚ ਸਿੱਖਾਂ ਦੀ ਸਿਰਫ਼ ਇੱਕ ਫ਼ੀਸਦੀ ਵਸੋਂ ਹੈ ਪਰ ਉਹ ਚੋਣ ਨਤੀਜਿਆਂ ਦਾ ਨਿਤਾਰਾ ਕਰਨ ਵਿੱਚ ਅਹਿਮ ਰੋਲ ਨਿਭਾਉਣ ਲੱਗੇ ਹਨ। ਕੈਨੇਡਾ ਵਿੱਚ ਕਰਵਾਏ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਮੁਕਾਬਲਾ ਬੜਾ ਫਸਵਾਂ ਹੈ ਅਤੇ ਜੇਤੂ ਅਤੇ ਹਾਰਨ ਵਾਲਿਆਂ ਵਿੱਚ 2%+ ਵਿੱਚ ਫਰਕ ਰਹਿਣ ਦੀ ਸੰਭਾਵਨਾ ਹੈ। ਪਿਛਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 34 ਫ਼ੀਸਦੀ, ਕੰਜ਼ਰਵੇਟਿਵ ਪਾਰਟੀ ਨੂੰ 28 ਫ਼ੀਸਦੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 22 ਫ਼ੀਸਦੀ ਵੋਟ ਮਿਲੇ ਸਨ। ਚੋਣਾਂ ਲਈ ਨੋਟੀਫਿਕੇਸ਼ਨ 15 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਕੋਰੋਨਾ ਕਰਕੇ ਇਸ ਵਾਰ ਚੋਣ ਮੁਹਿੰਮ ਦੀਆਂ ਰੋਣਕਾਂ ਪਹਿਲਾਂ ਨਾਲੋਂ ਫਿੱਕੀਆਂ ਨਜ਼ਰ ਆ ਰਹੀਆਂ ਹਨ। ਕੈਨੇਡਾ ਨੂੰ ਉਡਾਣਾਂ ਬੰਦ ਹੋਣ ਕਰਕੇ ਪੰਜਾਬੀ ਉਮੀਦਵਾਰਾਂ ਦੇ ਰਿਸ਼ਤੇਦਾਰ ਅਤੇ ਮਿੱਤਰ-ਸੱਜਣ ਇਥੋਂ ਬੈਠੇ ਹੀ ਵੋਟਾਂ ਮੰਗਣ ਲਈ ਫੋਨ ਖੜਕਾ ਰਹੇ ਹਨ।