ਕੈਨੇਡਾ ਦੀ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (Integrated Homicide Investigation Team – IHIT) ਨੇ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਕਾਂਡ ਦੀ ਜਾਂਚ ਦੇ ਸਬੰਧ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਬਾਰੇ ਭਾਰਤੀ ਹਾਈ ਕਮਿਸ਼ਨ ਨੂੰ ਇਤਲਾਹ ਕਰ ਦਿੱਤਾ ਹੈ। ਆਈਐਚਆਈਟੀ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਹੈ ਕਿ ਇਹ ਗ੍ਰਿਫ਼ਤਾਰ ਆਦਮੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਭਾਰਤੀ ਅਧਿਕਾਰੀਆਂ ਨਾਲ ਗੱਲ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਇੱਕ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (Royal Canadian Mounted Police) ਦਾ ਨਿਯਮ ਹੈ ਕਿ ਜੇਕਰ ਕਿਤੇ ਦੂਤਾਵਾਸ ਦੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਦੱਸਣਾ ਹੁੰਦਾ ਹੈ । ਦਰਅਸਲ ਆਈਐਚਆਈਟੀ ਦੀ ਮੀਡੀਆ ਰਿਲੇਸ਼ਨਜ਼ ਟੀਮ ਦੇ ਡੇਵਿਡ ਲੀ ਨੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਈਐਚਆਈਟੀ ਨੇ ਗ੍ਰਿਫ਼ਤਾਰੀ ਬਾਰੇ ਦੂਤਾਵਾਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਇਹ ਚਾਰ ਵਿਅਕਤੀਆਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੌਂਸਲੇਟ ਨਾਲ ਗੱਲ ਕਰਨਾ ਚਾਹੁੰਦੇ ਹਨ ਜਾਂ ਨਹੀਂ।
IHIT ਨੇ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਚਾਰ ਵਿਅਕਤੀ ਕੈਨੇਡਾ ਵਿੱਚ ਕਿਵੇਂ ਦਾਖ਼ਲ ਹੋਏ। ਲੀ ਨੇ ਕਿਹਾ, “ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਉਹ ਭਾਰਤੀ ਨਾਗਰਿਕ ਹਨ ਅਤੇ ਤਿੰਨ ਤੋਂ ਪੰਜ ਸਾਲਾਂ ਤੋਂ ਕੈਨੇਡਾ ਵਿੱਚ ਸਨ।”
3 ਮਈ ਨੂੰ, IHIT ਨੇ 22 ਸਾਲਾ ਕਰਨ ਬਰਾੜ, 22 ਸਾਲਾ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਐਡਮਿੰਟਨ ਦੇ ਰਹਿਣ ਵਾਲੇ ਸਨ। ਆਈਐਚਆਈਟੀ ਦੇ ਬਿਆਨ ਅਨੁਸਾਰ, ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਗਏ ਹਨ।
ਦਸ ਦਿਨਾਂ ਬਾਅਦ, ਚੌਥੇ ਭਾਰਤੀ ਨਾਗਰਿਕ, 22 ਸਾਲਾ ਅਮਨਦੀਪ ਸਿੰਘ ਨੂੰ ਵੀ ਨਿੱਝਰ ਦੀ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਪਹਿਲਾਂ ਹੀ ਪੀਲ ਰੀਜਨਲ ਪੁਲਿਸ ਤੋਂ ਗੈਰ-ਸੰਬੰਧਿਤ ਹਥਿਆਰਾਂ ਦੇ ਦੋਸ਼ਾਂ ਲਈ ਹਿਰਾਸਤ ਵਿੱਚ ਸੀ। ਉਸ ’ਤੇ ਵੀ ਇਸੇ ਤਰ੍ਹਾਂ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ।
ਲੰਘੇ ਮੰਗਲਵਾਰ ਨੂੰ, ਚਾਰਾਂ ਵਿੱਚੋਂ ਤਿੰਨ ਕੈਨੇਡੀਅਨ ਅਦਾਲਤ ਵਿੱਚ ਪਹਿਲੀ ਵਾਰ ਵਿਅਕਤੀਗਤ ਤੌਰ ‘ਤੇ ਪੇਸ਼ ਹੋਏ, ਜੱਜ ਨੇ ਉਨ੍ਹਾਂ ਨੂੰ ਕਮਿਊਨਿਟੀ ਦੇ ਕਈ ਲੋਕਾਂ ਨਾਲ ਕੋਈ ਸੰਪਰਕ ਨਾ ਕਰਨ ਦਾ ਆਦੇਸ਼ ਦਿੱਤਾ। ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਸਰੀ ਸਥਿਤ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਵਿੱਚ ਵਿਅਕਤੀਗਤ ਤੌਰ ‘ਤੇ ਪੇਸ਼ ਹੋਏ, ਅਮਨਦੀਪ ਸਿੰਘ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ। IHIT ਨੇ ਕਿਹਾ ਕਿ “ਉਨ੍ਹਾਂ ਨੂੰ ਕਾਨੂੰਨੀ ਸਲਾਹ ਪ੍ਰਦਾਨ ਕੀਤੀ ਗਈ ਹੈ ਅਤੇ ਉਹਨਾਂ ਵਕੀਲਾਂ ਤੱਕ ਪਹੁੰਚ ਕੀਤੀ ਗਈ ਹੈ ਜੋ ਕਤਲੇਆਮ ਵਰਗੇ ਮਾਮਲਿਆਂ ਨਾਲ ਨਜਿੱਠਣ ਲਈ ਸਿੱਖਿਅਤ ਅਤੇ ਤਜਰਬੇਕਾਰ ਹਨ।”