Others

ਕੈਨੇਡਾ ‘ਚ 2 ਕੀਰਤਨੀਆਂ ਦੀ ਗੁਰਦੁਆਰਾ ਕਮੇਟੀ ਨੇ ਸਰਕਾਰ ਨੂੰ ਕੀਤੀ ਸ਼ਿਕਾਇਤ !

ਬਿਊਰੋ ਰਿਪੋਰਟ : ਕੈਨੇਡਾ ਦੇ ਅਲਬਰਟਾ ਵਿੱਚ ਇੱਕ ਗੁਰਦੁਆਰਾ ਸਾਹਿਬ ਨੇ 2 ਕੀਰਤਨੀਆਂ ਦੀ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਅਪੀਲ ਕੀਤੀ ਹੈ । 2 ਕੀਰਤਨੀ ਧਰਮ ਪ੍ਰਚਾਰ ਕਰਨ ਦੇ ਲਈ ਸਪਾਂਸਰ ਵੀਜ਼ਾ ‘ਤੇ ਪਹੁੰਚੇ ਸਨ । ਦੋਵੇਂ ਜਦੋਂ ਵਾਪਸ ਨਹੀਂ ਪਰਤੇ ਤਾਂ ਕਮੇਟੀ ਨੇ ਬਾਰਡਰ ਸਰਵਿਸ ਏਜੰਸੀ ਕੈਨੇਡਾ ਇਮੀਗ੍ਰੇਸ਼ਨ ਰਿਫ਼ਿਊਜੀ ਐਂਡ ਸਿਟੀਜ਼ਨਸ਼ਿਪ ਅਤੇ ਰਾਇਲ ਮਾਉਂਟੇਡ ਕੈਨੇਡਾ ਪੁਲਿਸ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਮਿਲਵੁਡ ਰੋਡ ਸਾਊਥ,ਐਡਮਿੰਟਨ ਨੇ ਦੋਵਾਂ ਦੀ ਪਛਾਣ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਦੇ ਰੂਪ ਵਿੱਚ ਦੱਸੀ ਹੈ । ਗੁਰੂ ਘਰ ਦੀ ਕਮੇਟੀ ਵੱਲੋਂ ਦੋਵਾਂ ਦਾ ਪਾਸਪੋਰਟ ਨੰਬਰ ਦੇ ਕੇ ਫ਼ੌਰਨ ਡਿਪੋਰਟ ਕਰਨ ਦੀ ਅਪੀਲ ਕੀਤੀ ਹੈ ।

1 ਜੁਲਾਈ ਨੂੰ ਵੀਜ਼ਾ ਖ਼ਤਮ ਹੋਇਆ ਸੀ

ਗੁਰਦੁਆਰਾ ਸਾਹਿਬ ਵੱਲੋਂ ਕੈਨੇਡਾ ਦੀ ਏਜੰਸੀਆਂ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਕਮੇਟੀ ਨੇ ਲਿਖਿਆ ਹੈ ਕਿ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਪਿਛਲੇ ਸਾਲ 14 ਅਪ੍ਰੈਲ ਨੂੰ ਧਰਮ ਪ੍ਰਚਾਰ ਦੇ ਲਈ ਰਿਲੀਜੀਅਸ ਵੀਜ਼ਾ ਲੈ ਕੇ ਗੁਰੂ ਘਰ ਵਿੱਚ ਆਏ ਸਨ ।

ਇਨ੍ਹਾਂ ਦਾ ਵੀਜ਼ਾ 1 ਜੁਲਾਈ 2023 ਤੱਕ ਸੀ। ਇਨ੍ਹਾਂ ਦਾ ਵੀਜ਼ਾ ਵੀ ਹੁਣ ਖ਼ਤਮ ਹੋ ਚੁੱਕਿਆ ਹੈ । ਕਮੇਟੀ ਨੇ ਰਾਗੀ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਦੀ ਲੋਕੇਸ਼ਨ ਬਾਰੇ ਨਹੀਂ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੌਵਾਂ ਸਕੋਟਿਆ ਦੇ ਮੇਨਲੈਂਡ ਵਿੱਚ ਰਹਿ ਰਹੇ ਹਨ । ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਦੋਵਾਂ ਨੇ ਇੱਥੇ ਦੀ ਸਰਕਾਰਾਂ ਦੇ ਕਾਨੂੰਨ ਨੂੰ ਤੋੜਿਆ ਹੈ। ਇਸ ਲਈ ਦੋਵਾਂ ਨੂੰ ਫੜ ਕੇ ਫ਼ੌਰਨ ਭਾਰਤ ਡਿਪੋਰਟ ਕੀਤਾ ਜਾਵੇ।

ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ‘ਤੇ ਇਲਜ਼ਾਮ ਲੱਗ ਦੇ ਰਹੇ ਹਨ ਕਿ ਉਹ ਧਰਮ ਪ੍ਰਚਾਰ ਦੇ ਲਈ ਵਿਦੇਸ਼ ਆਉਂਦੇ ਹਨ ਅਤੇ ਫਿਰ ਫ਼ਰਜ਼ੀ ਤਰੀਕੇ ਨਾਲ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਗਾਇਕ ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ‘ਤੇ ਵੀ ਫ਼ਰਜ਼ੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਛੱਡਣ ਦਾ ਇਲਜ਼ਾਮ ਲੱਗਿਆ ਸੀ । ਹੇਠਲੀ ਅਦਾਲਤ ਵੱਲੋਂ ਤਾਂ ਦਲੇਰ ਮਹਿੰਦੀ ਨੂੰ ਇਸ ਮਾਮਲੇ ਵਿੱਚ ਸਜ਼ਾ ਵੀ ਮਿਲ ਚੁੱਕੀ ਹੈ।