ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵਾਰ ਮੁੜ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ । ਪੀ ਐੱਮ ਟਰੂਡੋ ਨੇ ਨਵੀਂ ਦਿੱਲੀ ਵੱਲੋਂ 40 ਡਿਪਲੋਮੈਟ ਨੂੰ ਬਾਹਰ ਕੱਢਣ ਦੇ ਫ਼ੈਸਲੇ ਨੂੰ ਵਿਅਨਾ ਡਿਪਲੋਮੈਟ ਦਾ ਉਲੰਘਣ ਦੱਸਿਆ ਹੈ । ਸਿਰਫ਼ ਇੰਨਾ ਹੀ ਨਹੀਂ ਨਿੱਝਰ ਦੇ ਮਾਮਲੇ ਦੀ ਤੈਅ ਤੱਕ ਜਾਣ ਦੀ ਗੱਲ ਕਹੀ ਹੈ ।
ਓਟਾਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀ ਐੱਮ ਟਰੂਡੋ ਨੇ ਕਿਹਾ ਸ਼ੁਰੂ ਤੋਂ ਹੀ ਜਦੋਂ ਮੈਨੂੰ ਨਿੱਝਰ ਮਾਮਲੇ ਵਿੱਚ ਭਾਰਤੀ ਸਰਕਾਰ ਦੇ ਏਜੰਟ ਦੇ ਹੱਥ ਹੋਣ ਬਾਰੇ ਪਤਾ ਚੱਲਿਆ ਤਾਂ ਅਸੀਂ ਉਨ੍ਹਾਂ ਨੂੰ ਪੁੱਛਣ ਦੇ ਲਈ ਭਾਰਤ ਪਹੁੰਚੇ । ਅਸੀਂ ਮਾਮਲੇ ਦੀ ਤੈਅ ਤੱਕ ਜਾਣ ਲਈ ਸਾਡੇ ਨਾਲ ਕੰਮ ਕਰਨ ਦਾ ਮਤਾ ਰੱਖਿਆ । ਅਸੀਂ ਕੌਮਾਂਤਰੀ ਕਾਨੂੰਨ ਅਤੇ ਲੋਕਰਾਜ ਦੀ ਰੱਖਿਆ ਦੇ ਲਈ ਅਮਰੀਕਾ ਅਤੇ ਆਪਣੇ ਮਿੱਤਰ ਦੇਸ਼ਾਂ ਤੋਂ ਮਦਦ ਮੰਗੀ ।
ਜਸਟਿਨ ਟਰੂਡੋ ਨੇ ਕਿਹਾ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ.। ਅਸੀਂ ਸਾਰੇ ਭਾਈਵਾਲਾ ਨਾਲ ਕੰਮ ਕਰ ਰਹੇ ਹਾਂ ਅਤੇ ਜਾਂਚ ਏਜੰਸੀਆਂ ਇਸ ‘ਤੇ ਕੰਮ ਕਰ ਰਹੀਆਂ ਹਨ। ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੇ ਰਾਜ ਨਾਲ ਖੜ੍ਹਾ ਰਹੇਗਾ । ਕਿਉਂਕਿ ਜੇਕਰ ਵੱਡੇ ਮੁਲਕ ਕੌਮਾਂਤਰੀ ਕਾਨੂੰਨ ਦਾ ਉਲੰਘਣ ਕਰ ਸਕਦੇ ਹਨ ਤਾਂ ਇਹ ਪੂਰੀ ਦੁਨੀਆ ਦੇ ਦੇਸ਼ਾਂ ਲਈ ਖ਼ਤਰਨਾਕ ਹੈ ।
ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਬਾਅਦ ਦਿੱਤਾ ਬਿਆਨ
ਅਮਰੀਕਾ ਦੇ ਵਿਦੇਸ਼ ਮਤੰਰੀ ਐਂਥਨੀ ਬਲਿੰਕਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਕੈਨੇਡਾ ਨੂੰ ਨਿੱਝਰ ਮਾਮਲੇ ਵਿੱਚ ਆਪਣੀ ਜਾਂਚ ਅੱਗੇ ਵਧਾਉਂਦਾ ਹੋਇਆ ਵੇਖਣਾ ਚਾਹੁੰਦਾ ਹੈ ਅਤੇ ਭਾਰਤ ਨੂੰ ਅਜਿਹਾ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ । ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਨਿੱਝਰ ਮਾਮਲੇ ਵਿੱਚ ਬਿਆਨ ਆਇਆ ਹੈ। ਇਸ ਤੋਂ ਇਲਾਵਾ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ । ਪਰ ਓਟਾਵਾ ਹਮੇਸ਼ਾ ਕਾਨੂੰਨੀ ਦੇ ਸ਼ਾਸਨ ਦੇ ਨਾਲ ਖੜ੍ਹਾ ਹੈ। ਇਹ ਸਾਫ਼ ਹੈ ਕਿ ਅਸੀਂ ਗੰਭੀਰ ਮਾਮਲਿਆਂ ਵਿੱਚ ਭਾਰਤ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ।
ਭਾਰਤ ਨੇ ਵਿਅਨਾ ਸਮਝੌਤੇ ਦਾ ਉਲੰਘਣ ਕੀਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਨੇ ਜਾਣਬੁੱਝ ਕੇ ਕੈਨੇਡਾ ਦੇ ਡਿਪਲੋਮੈਟ ਨੂੰ ਮਿਲੀ ਛੋਟ ਰੱਦ ਕਰਨ ਦਾ ਫ਼ੈਸਲਾ ਲਿਆ ਅਤੇ ਵਿਅਨਾ ਕਨਵੈੱਨਸ਼ਨ ਦਾ ਉਲੰਘਣ ਕੀਤਾ । ਪਿਛਲੇ ਮਹੀਨੇ ਕੈਨੇਡਾ ਨੇ ਭਾਰਤ ਦੇ ਇਤਰਾਜ਼ ਤੋਂ ਬਾਅਦ ਆਪਣੇ 41 ਡਿਪਲੋਮੈਟ ਨੂੰ ਵਾਪਸ ਬੁਲਾ ਲਿਆ ਸੀ । ਜਿਸ ਤੋਂ ਬਾਅਦ ਚੰਡੀਗੜ੍ਹ,ਮੁੰਬਈ,ਬੈਂਗਲੁਰੂ ਵਿੱਚ ਕੈਨੇਡਾ ਨੂੰ ਆਪਣੇ ਵੀਜ਼ਾ ਸੈਂਟਰ ‘ਤੇ ਰੋਕ ਲਗਾਉਣੀ ਪਈ ਸੀ । ਜਿਸ ਦੀ ਵਜ੍ਹਾ ਕਰਕੇ ਹੁਣ ਕੈਨੇਡਾ ਵੱਲੋਂ ਭਾਰਤੀਆਂ ਨੂੰ ਵੀਜ਼ਾ ਦੇਣ ਵਿੱਚ ਪਰੇਸ਼ਾਨੀ ਆ ਰਹੀ ਹੈ । ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀਜ਼ਾ ਲੈਣ ਲਈ ਚੰਡੀਗੜ੍ਹ ਆਉਣਾ ਪੈਂਦਾ ਸੀ ਪਰ ਹੁਣ ਦਿੱਲੀ ਦਾ ਰੁੱਖ ਕਰਨਾ ਪੈਂਦਾ ਹੈ ।
ਭਾਰਤ ਸਰਕਾਰ ਦਾ ਇਲਜ਼ਾਮ ਸੀ ਕਿ ਭਾਰਤ ਦੇ ਮੁਕਾਬਲੇ ਕੈਨੇਡਾ ਦੇ ਡਿਪਲੋਮੈਟ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਹਨ ਅਤੇ ਉਹ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਕਰ ਰਹੇ ਹਨ । ਭਾਰਤ ਨੇ ਵਿਅਨਾ ਸਮਝੌਤੇ ਦੇ ਉਲੰਘਣ ਕਰਨ ਦੇ ਕੈਨੇਡਾ ਦੇ ਇਲਜ਼ਾਮਾਂ ਨੂੰ ਵੀ ਖ਼ਾਰਜ ਕਰ ਦਿੱਤਾ ਸੀ
ਹਾਲਾਂਕਿ ਭਾਰਤ ਸਰਕਾਰ ਨੇ 26 ਅਕਤੂਬਰ ਤੋਂ ਕੈਨੇਡਾ ਦੇ ਨਾਗਰਿਕਾਂ ਦੇ ਲਈ 4 ਵੀਜ਼ਾ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ । ਨਿੱਝਰ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ 21 ਸਤੰਬਰ ਨੂੰ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ । ਭਾਰਤ ਦਾ ਕਹਿਣਾ ਸੀ ਸਾਡੇ ਅਫ਼ਸਰਾਂ ਨੂੰ ਕੈਨੇਡਾ ਵਿੱਚ ਧਮਕੀਆਂ ਮਿਲ ਰਹੀਆਂ ਸਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ ਇਸੇ ਲਈ ਮਜਬੂਰੀ ਵਿੱਚ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ ।