ਬਿਉਰੋ ਰਿਪੋਰਟ : ਕੈਨੇਡਾ ਵਿੱਚ ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਨਾਲ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਨੂੰ ਰੋਕਣ ਦੇ ਲਈ ਕੈਨੇਡਾ ਦੀ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਹਨ । ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਕੁਝ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ । ਕੈਨੇਡਾ ਦੀ ਵੈੱਬਸਾਈਟ ਮੁਤਾਬਿਕ ਕੈਨੇਡਾ ਵਿਚਲੇ ਸਾਰੇ ਪੋਸਟ ਸੈਕੰਡਰੀ ਡੈਜ਼ੀਗਨੇਟਡ ਇੰਸਟੀਟਿਊਟ ਆਫ ਲਰਨਿੰਗ ਨੂੰ ਹਰੇਕ ਅਰਜ਼ੀ ਦੇਣ ਵਾਲੇ ਦੇ ਦਾਖਲੇ ਬਾਰੇ IRCC ਕੋਲੋ ਪੁਸ਼ਟੀ ਕਰਵਾਉਣੀ ਪਵੇਗੀ । ਇਸ ਤੋਂ ਇਲਾਵਾ ਹਰ ਇੱਕ DLI ਨੂੰ ਅਰਜ਼ੀਕਾਰਾਂ ਦੀ ਲੈੱਟਰ ਆਫ ਅਕਸੈਪਟੈਂਸ ਦੀ IRCC ਤੋਂ ਪੁਸ਼ਟੀ ਕਰਵਾਉਣੀ ਜ਼ਰੂਰੀ ਹੋਵੇਗੀ । DLI ਦਾ ਮਤਲਬ ਹੈ ਉਹ ਵਿਦਿਅਕ ਕੇਂਦਰ ਜਿੱਥੇ ਵਿਦਿਆਰਥੀ ਵੱਖ-ਵੱਖ ਕੋਰਸਾਂ ਦੀ ਪੜਾਈ ਦੇ ਲਈ ਜਾਂਦੇ ਹਨ ।
IRCC ਕੈਨੇਡਾ ਦਾ ਉਹ ਅਧਾਰਾ ਹੈ ਜੋ ਦੇਸ਼ ਦੇ ਇਮੀਗ੍ਰੇਸ਼ਨ ਰਿਫ਼ਊਜੀ ਅਤੇ ਨਾਗਰਿਕਤਾ ਦੇ ਮਾਮਲਿਆਂ ਦੇ ਪ੍ਰਬੰਧ ਨੂੰ ਵੇਖਦਾ ਹੈ । ਕੈਨੇਡਾ ਦੀ ਵੈੱਬਸਾਈਟ ਮੁਤਾਬਿਕ ਸਤੰਬਰ 2024 ਤੋਂ ਸ਼ੁਰੂ ਹੋਏ ਦਾਖਲਿਆਂ ਦੀ ਸ਼ੁਰੂਆਤ ਹੋਣ ਤੱਕ IRCC ਇੱਕ ਅਜਿਹੀ ਪ੍ਰਕਿਆ ਲਾਗੂ ਕਰੇਗਾ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾਵਾਂ ਲਈ ਮਿਆਰੀ ਕੰਮ ਕਰਨ ਵਾਲੇ ਵਿਦਿਅਕ ਕੇਂਦਰਾਂ ਨੂੰ ਲਾਭ ਦੇਵੇਗਾ । ਇਨ੍ਹਾਂ ਵਿੱਚ ਸਟੱਡੀ ਵੀਜ਼ਾ ਘੱਟ ਸਮੇਂ ਵਿੱਚ ਜਾਰੀ ਕਰਨਾ ਵੀ ਸ਼ਾਮਲ ਹੈ ।
ਇਹ ਵੀ ਦੱਸਿਆ ਗਿਆ ਹੈ ਕਿ IRCC ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਦਾ ਮੁਲਾਂਕਣ ਵੀ ਕਰੇਗਾ । ਇਸ ਨੂੰ ਕੈਨੇਡਾ ਦੀ ਲੇਬਰ ਮਾਰਕਿਟ ਦੀਆਂ ਲੋੜਾਂ ਮੁਤਾਬਿਕ ਬਣਾਇਆ ਜਾਵੇਗਾ । ਵੱਖ ਖੇਤਰਾਂ ਦੇ ਨਾਲ ਫਰੈਂਚ ਭਾਸ਼ਾ ਵਾਲੇ ਇਲਾਕਿਆਂ ਦੀਆਂ ਲੋੜਾਂ ਦਾ ਵੀ ਖਿਆਲ ਰੱਖਿਆ ਜਾਵੇਗਾ । ਇਮੀਗਰੇਸ਼ਨ ਮੰਤਰੀ ਨੇ ਕਿਹਾ ਵਿਦਿਆਰਥੀ ਪ੍ਰਤਿਭਾਸ਼ਾਲੀ ਹਨ ਅਤੇ ਉਹ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਚੰਗਾ ਤਜਰਬਾ ਹਾਸਲ ਕਰਨ ਦੇ ਯੋਗ ਹਨ । ਉਨ੍ਹਾਂ ਕਿਹਾ ਅਸੀ ਕੌਮਾਂਤਰੀ ਵਿਦਿਆਰਥੀਆਂ ਦੇ ਪ੍ਰੋਗਰਾਮ ਨੂੰ ਸੁਧਾਰਨ ਲਈ ਕੰਮ ਕਰਦੇ ਰਹਾਂਗੇ । ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਧੋਖੇ ਤੋਂ ਬਚਾਇਆ ਜਾ ਸਕੇ ਅਤੇ ਜਿਹੜੇ ਉਨ੍ਹਾਂ ਦਾ ਫਾਇਦਾ ਚੁੱਕੇ ਹਨ ਉਨ੍ਹਾਂ ਨੂੰ ਹਟਾਇਆ ਜਾਵੇ।
ਜਾਂਚ ਤੋਂ ਬਾਅਦ ਖੁਲਾਸਾ ਹੋਇਆ
ਕੈਨੇਡਾ ਸਰਕਾਰ ਦੀ ਵੈੱਬਸਾਈਟ ਮੁਤਾਬਿਕ IRCC ਵੱਲੋਂ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਨਾਲ ਕੰਮ ਕਰਨ ਲਈ ਬਣਾਈ ਟਾਸਕਫੋਰਸ ਵੱਲੋਂ ਫਰਜ਼ੀ ਦਸਤਾਵੇਜ਼ ਵਾਲੇ ਕੇਸ ਦੀ ਜਾਂਚ ਹੋਈ ਹੈ । ਇਸ ਦਾ ਮਕਸਦ ਸੀ ਸਹੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਨਾ ਕੱਢਿਆ ਜਾਵੇ। 12 ਅਕਤੂਬਰ 2023 ਤੱਕ 103 ਕੇਸਾਂ ਦੀ ਸਮੀਖਿਆ ਕੀਤੀ ਜਿੰਨਾਂ ਵਿੱਚੋਂ 60 ਵਿਦਿਆਰਥੀ ਸਹੀ ਨਿਕਲੇ ਹਨ ਜਦਕਿ 40 ਸਹੀ ਨਹੀਂ ਸਨ ।