- ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਸੱਜਣ ਸਿੰਘ ਮੈਦਾਨ ਵਿੱਚ ਹਨ।
- ਓਂਟਾਰੀਓ ਦੇ ਔਕਵਿਲਾ ਤੋਂ ਕੈਬਨਿਟ ਮੰਤਰੀ ਅਨੀਤਾ ਅਨੰਦ ਉਮੀਦਵਾਰ ਹਨ।
- ਵਾਟਰਲੂ ਤੋਂ ਮਨਿਸਟਰ ਬਰਦਿਸ਼ ਚੱਗੜ ਅਜ਼ਮਾ ਰਹੇ ਹਨ ਕਿਸਮਤ।
- ਐੱਨਡੀਪੀ ਦੇ ਮੁਖੀ ਜਗਮੀਤ ਸਿੰਘ ਵੀ ਉੱਤਰੇ ਮੈਦਾਨ ਵਿੱਚ।
- ਜਸਟਿਸ ਟਰੂਡੋ ਬੁੰਮਬੇ ਦੱਖਣੀ ਤੋਂ ਦੇ ਰਹੇ ਹਨ ਟੱਕਰ।
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਪੰਜਾਬੀ ਮੂਲ ਦੇ 47 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇਨ੍ਹਾਂ ਵਿੱਚੋਂ 21 ਪੰਜਾਬਣਾਂ ਵੀ ਟੱਕਰ ਦੇਣ ਲਈ ਮੈਦਾਨ ‘ਚ ਨਿੱਤਰੀਆਂ ਹਨ। ਕੈਨੇਡਾ ਦੀ 44ਵੀਂ ਪਾਰਲੀਮੈਂਟ ਲਈ ਚੋਣਾਂ 20 ਸਤੰਬਰ ਨੂੰ ਹੋਣਗੀਆਂ। ਮੁੱਖ ਤੌਰ ‘ਤੇ ਤਿੰਨ ਸਿਆਸੀ ਪਾਰਟੀਆਂ ਵਿੱਚ ਤਕੜਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਇਸ ਵਾਰ ਈਮੇਲ ਰਾਹੀਂ ਵੋਟ ਕਾਸਟਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ। ਲਿਬਰਲ ਪਾਰਟੀ ਵੱਲੋਂ ਸਭ ਤੋਂ ਵੱਧ 17 ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਕੰਜ਼ਰਵੇਟਿਵ ਪਾਰਟੀ ਵੱਲੋਂ 13 ਪੰਜਾਬੀ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਨਿਊ ਡੈਮੇਕ੍ਰੇਟਿਕ ਪਾਰਟੀ ਵੱਲੋਂ 10 ਪੰਜਾਬੀ ਉਮੀਦਵਾਰ ਚੋਣ ਲੜ ਰਹੇ ਹਨ। ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ 10, ਗ੍ਰੀਨ ਪਾਰਟੀ ਵੱਲੋਂ ਇੱਕ ਅਤੇ ਇੱਕ ਪੰਜਾਬੀ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਡਟ ਗਿਆ ਹੈ।
ਪਿਛਲੀਆਂ 2019 ਦੀਆਂ ਚੋਣਾਂ ਵਿੱਚ ਵੀ ਵੱਡੀ ਗਿਣਤੀ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸਨ ਅਤੇ 19 ਚੋਣ ਜਿੱਤ ਕੇ ਪਾਰਲੀਮੈਂਟ ਪਹੁੰਚੇ ਸਨ। ਮੈਦਾਨ ਵਿੱਚ ਨਿੱਤਰੇ ਪੰਜਾਬੀ ਉਮੀਦਵਾਰਾਂ ਵਿੱਚੋਂ 16 ਸਿਟਿੰਗ ਮੈਂਬਰ ਪਾਰਲੀਮੈਂਟ ਹਨ। ਕਈ ਥਾਂ ਪੰਜਾਬੀ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਹੈ। ਜਿਹੜੇ ਵੱਡੇ ਪੰਜਾਬੀ ਚਿਹਰੇ ਚੋਣ ਮੈਦਾਨ ਵਿੱਚ ਡਟ ਗਏ ਹਨ, ਉਨ੍ਹਾਂ ਵਿੱਚ ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਓਂਟਾਰੀਉ ਤੋਂ ਕੈਬਨਿਟ ਮੰਤਰੀ ਅਨੀਤਾ ਅਨੰਦ, ਵਾਟਰਲੂ ਤੋਂ ਇੱਕ ਹੋਰ ਕੈਬਨਿਟ ਮੰਤਰੀ ਬਰਦਿਸ਼ ਚੱਗੜ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਦੇ ਨਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੱਖਣੀ ਬਰਨਬੀ ਤੋਂ ਕਿਸਮਤ ਅਜ਼ਮਾ ਰਹੇ ਹਨ।
ਲਿਬਰਲ ਪਾਰਟੀ ਵੱਲੋਂ ਬਰੈਂਪਟਨ ਉੱਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਪੱਛਮੀ ਤੋਂ ਕਮਲ ਖੇੜਾ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿੱਧੂ, ਸਰੀ ਨਿਊਟਨ ਤੋਂ ਸੁਖ ਧਾਲੀਵਾਲ ਅਤੇ ਪੰਜਾਬੀ ਮੂਲ ਦੀ ਇੱਕ ਹੋਰ ਉਮੀਦਵਾਰ ਅੰਜੂ ਢਿੱਲੋਂ ਮੈਦਾਨ ਵਿੱਚ ਨਿੱਤਰੇ ਹਨ। ਲਿਬਰਲ ਪਾਰਟੀ ਵੱਲੋਂ ਜਿਹੜੇ ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉਨ੍ਹਾਂ ਵਿੱਚ ਲਖਵਿੰਦਰ ਝੱਜ, ਪਰਮ ਬੈਂਸ, ਸਬਰੀਨਾ ਗਰੋਵਰ ਅਤੇ ਰਾਜ ਸੈਣੀ ਚੋਣ ਲੜ ਰਹੇ ਹਨ ਪਰ ਇਨ੍ਹਾਂ ਉੱਤੇ ਬੁਰਾ ਵਤੀਰਾ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਮੈਦਾਨ ਵਿੱਚੋਂ ਹਟਾ ਲਿਆ ਗਿਆ ਹੈ।
ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਬਰੈਂਪਟਨ ਦੱਖਣੀ ਤੋਂ ਤਜਿੰਦਰ ਸਿੰਘ, ਬਰੈਂਪਟਨ ਪੂਰਬੀ ਤੋਂ ਗੁਰਪ੍ਰੀਤ ਗਿੱਲ, ਸਰੀ ਨਿਊਟਨ ਤੋਂ ਅਵਨੀਤ ਜੌਹਲ, ਕੈਲਗਰੀ ਸਕਾਈਵਿਊ ਤੋਂ ਗੁਰਮਿੰਦਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਵੱਲੋਂ ਸਿਟਿੰਗ ਐੱਮਪੀ ਟਿਮ ਉੱਪਲ, ਜਗ ਸਹੋਤਾ ਅਤੇ ਜਸਰਾਜ ਸਿੰਘ ਸਮੇਤ ਇੰਦਰਾ ਬੈਂਸ, ਪ੍ਰੀਤੀ ਲਾਂਬਾ, ਨਵਲ ਬਜਾਜ, ਮੇਧਾ ਜੋਸ਼ੀ, ਰਮਨਦੀਪ ਬਰਾੜ, ਜਗਦੀਪ ਸਿੰਘ, ਟੀਨਾ ਬੈਂਸ ਅਤੇ ਸੁਖਬੀਰ ਸਿੰਘ ਗਿੱਲ ਉਮੀਦਵਾਰ ਬਣਾਏ ਗਏ ਹਨ। ਨਵਦੀਪ ਬੈਂਸ ਜਿਹੜੇ ਕਿ ਟਰੂਡੋ ਦੀ ਵਜ਼ਾਰਤ ਵਿੱਚ ਮੰਤਰੀ ਸਨ, ਨੇ ਸਿਆਸਤ ਨੂੰ ਅਲਵਿਦਾ ਆਖ ਦਿੱਤੀ ਹੈ ਅਤੇ ਚੋਣ ਲੜਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੇ ਨਾਲ ਹੀ ਲਿਬਰਲ ਪਾਰਟੀ ਦੇ ਐੱਮਪੀ ਗਗਨ ਸਕੰਦ ਅਤੇ ਰਮੇਸ਼ ਸਾਂਘਾ ਚੋਣ ਨਹੀਂ ਲੜਨਗੇ। ਪਰਵੀਨ ਹੁੰਦਲ ਸਰੀ ਨਿਊਟਨ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ ਜਦਕਿ ਵੈਨਕੂਵਰ ਤੋਂ ਗ੍ਰੀਨ ਪਾਰਟੀ ਦੇ ਦਵਿਆਨੀ ਸਿੰਘ ਨੇ ਪੇਪਰ ਭਰੇ ਹਨ।
ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ 18 ਸਿੱਖਾਂ ਨੇ ਚੋਣ ਜਿੱਤ ਕੇ ਝੰਡੇ ਗੱਡੇ ਸਨ। ਕੈਨੇਡਾ ਵਿੱਚ ਸਿੱਖਾਂ ਦੀ ਸਿਰਫ਼ ਇੱਕ ਫ਼ੀਸਦੀ ਵਸੋਂ ਹੈ ਪਰ ਉਹ ਚੋਣ ਨਤੀਜਿਆਂ ਦਾ ਨਿਤਾਰਾ ਕਰਨ ਵਿੱਚ ਅਹਿਮ ਰੋਲ ਨਿਭਾਉਣ ਲੱਗੇ ਹਨ। ਕੈਨੇਡਾ ਵਿੱਚ ਕਰਵਾਏ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਮੁਕਾਬਲਾ ਬੜਾ ਫਸਵਾਂ ਹੈ ਅਤੇ ਜੇਤੂ ਅਤੇ ਹਾਰਨ ਵਾਲਿਆਂ ਵਿੱਚ 2%+ ਵਿੱਚ ਫਰਕ ਰਹਿਣ ਦੀ ਸੰਭਾਵਨਾ ਹੈ। ਪਿਛਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 34 ਫ਼ੀਸਦੀ, ਕੰਜ਼ਰਵੇਟਿਵ ਪਾਰਟੀ ਨੂੰ 28 ਫ਼ੀਸਦੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 22 ਫ਼ੀਸਦੀ ਵੋਟ ਮਿਲੇ ਸਨ। ਚੋਣਾਂ ਲਈ ਨੋਟੀਫਿਕੇਸ਼ਨ 15 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਕੋਰੋਨਾ ਕਰਕੇ ਇਸ ਵਾਰ ਚੋਣ ਮੁਹਿੰਮ ਦੀਆਂ ਰੋਣਕਾਂ ਪਹਿਲਾਂ ਨਾਲੋਂ ਫਿੱਕੀਆਂ ਨਜ਼ਰ ਆ ਰਹੀਆਂ ਹਨ। ਕੈਨੇਡਾ ਨੂੰ ਉਡਾਣਾਂ ਬੰਦ ਹੋਣ ਕਰਕੇ ਪੰਜਾਬੀ ਉਮੀਦਵਾਰਾਂ ਦੇ ਰਿਸ਼ਤੇਦਾਰ ਅਤੇ ਮਿੱਤਰ-ਸੱਜਣ ਇਥੋਂ ਬੈਠੇ ਹੀ ਵੋਟਾਂ ਮੰਗਣ ਲਈ ਫੋਨ ਖੜਕਾ ਰਹੇ ਹਨ।
ਸੰਪਰਕ : 98147-34035