‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿੱਧੀਆਂ ਉਡਾਨਾਂ ਉੱਤੇ ਲੱਗੀ ਪਾਬੰਦੀ ਦੇ ਮੱਦੇਨਜਰ ਹੁਣ ਕੈਨੇਡਾ ਪਹੁੰਚਣ ਲਈ 3 ਲੱਖ ਰੁਪਏ ਦਾ ਖਰਚਾ ਆਵੇਗਾ। ਜਾਣਕਾਰੀ ਅਨੁਸਾਰ ਇਸ ਵਿੱਚ ਇਕ ਪਾਸੇ ਦੀ ਟਿਕਟ, ਭੋਜਨ, ਕੋਰੋਨਾ ਟੈਸਟ ਤੋਂ ਬਾਅਦ ਵੱਖਰੇ ਰਹਿਣ ਦੇ ਪ੍ਰਬੰਧ ਦਾ ਖਰਚਾ ਵੀ ਸ਼ਾਮਿਲ ਹੈ।
ਪਹਿਲਾਂ ਇਹ ਖਰਚਾ ਵੱਧ ਤੋਂ ਵੱਧ 60 ਹਜ਼ਾਰ ਰੁਪਏ ਸੀ। ਖਾਸਕਰਕੇ ਹੁਣ ਵਿਦਿਆਰਥੀਆਂ ਨੂੰ ਘੁੰਮਣਘੇਰੀ ਵਾਲਾ ਰੂਟ ਫੜਨਾ ਪਵੇਗਾ।
ਇਹ ਪਾਬੰਦੀ 21 ਸਤੰਬਰ 2021 ਤੱਕ ਲਾਗੂ ਰਹੇਗੀ, ਜੋਕਿ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕਤਰ, ਮੈਕਸੀਕੋ, ਮਾਲਦੀਵ, ਸਰਬੀਆ, ਯੂਕਰੇਨ, ਇਥੋਪੀਆ, ਕੀਵ ਜਾਂ ਅਦੀਸ ਅਬਾਦਾ ਰਾਹੀਂ ਉਡਾਣ ਭਰਨ ਲਈ ਮਜਬੂਰ ਕਰੇਗੀ।
ਨਿਯਮਾਂ ਦੇ ਮੁਤਾਬਿਕ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਤੋਂ ਬਾਅਦ ਏਅਰਪੋਰਟ ਉੱਤੇ ਹੀ ਵੱਖਰੇ ਰਹਿਣ ਦੇ ਪ੍ਰਬੰਧਾਂ ਹੇਠ ਰੁਕਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਸੂਜੀਥ ਕੁਮਾਰ ਨਾਂ ਦੇ ਨੌਜਵਾਨ ਨੇ ਦੋਹਾ ਵਿੱਚ ਕੁਰੰਨਟਾਇਨ ਹੋਣ ਤੋਂ ਬਾਅਦ ਤਿੰਨ ਦਿਨ ਪੂਰੇ ਕਰ ਲਏ ਹਨ ਤੇ ਹੁਣ ਉਸਨੂੰ ਕੈਨੇਡਾ ਰਵਾਨਗੀ ਲਈ ਵਾਧੂ ਖਰਚਾ ਅਦਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਕੈਨੇਡਾ ਭਾਰਤ ਦੀ ਕੋਰੋਨਾ ਜਾਂਚ ਨੂੰ ਮਨਜੂਰ ਨਹੀਂ ਕਰ ਰਿਹਾ, ਇਸ ਲਈ ਸਾਨੂੰ ਕਿਸੇ ਹੋਰ ਦੇਸ਼ ਵਿੱਚ ਇਹ ਜਾਂਚ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ ਹੈ।