ਬਿਊਰੋ ਰਿਪੋਰਟ (29 ਸਤੰਬਰ, 2025): ਕੈਨੇਡਾ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਇਹ ਗਰੋਹ ਭਾਰਤ ਵਿੱਚ ਸਰਗਰਮ ਹੈ ਅਤੇ ਇਸ ਦਾ ਮੁਖੀ ਜੇਲ੍ਹ ਵਿੱਚ ਰਹਿੰਦਿਆਂ ਵੀ ਮੋਬਾਈਲ ਰਾਹੀਂ ਅਪਰਾਧਕ ਗਤੀਵਿਧੀਆਂ ਚਲਾਉਂਦਾ ਹੈ।
ਪਿਛਲੇ ਸਾਲ ਕੈਨੇਡਾ ਦੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਇਸ ਗਿਰੋਹ ਨੂੰ ਕੈਨੇਡਾ ਵਿੱਚ ਵੱਖਵਾਦੀਆਂ ਨੂੰ ਡਰਾਉਣ ਅਤੇ ਨਿਸ਼ਾਨਾ ਬਣਾਉਣ ਲਈ ਵਰਤਿਆ, ਪਰ ਭਾਰਤ ਨੇ ਇਸ ਦਾਅਵੇ ਨੂੰ ਗ਼ਲਤ ਦੱਸਦਿਆਂ ਕਿਹਾ ਸੀ ਕਿ ਉਹ ਕੈਨੇਡਾ ਨਾਲ ਮਿਲਕੇ ਇਸ ਗਰੋਹ ਦੀ ਫੰਡਿੰਗ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਵਿੱਚ ਹੀ ਇਸ ਗਰੋਹ ਦੇ ਲਗਭਗ 700 ਬਦਮਾਸ਼ ਸਰਗਰਮ ਹਨ, ਜੋ ਡਕੈਤੀ, ਜ਼ਬਰਦਸਤੀ ਵਸੂਲੀ ਅਤੇ ਮਨੀ ਲਾਂਡਰਿੰਗ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਕੈਨੇਡਾ ਵਿੱਚ ਹੁਣ ਤੱਕ ਕੁੱਲ 88 ਸੰਗਠਨਾਂ ਨੂੰ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ। ਕੈਨੇਡਾ ਦੀ ਪੁਲਿਸ ਹੁਣ ਇਹਨਾਂ ਸੰਗਠਨਾਂ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕਦੀ ਹੈ।
ਇਸ ਫੈਸਲੇ ਤੋਂ ਬਾਅਦ ਕੈਨੇਡਾ ਸਰਕਾਰ ਬਿਸ਼ਨੋਈ ਗੈਂਗ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਅਤੇ ਬੈਂਕ ਖ਼ਾਤੇ ਬੰਦ ਕਰ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀ ਅਪਰਾਧਕ ਗਤੀਵਿਧੀਆਂ ’ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਗਰੋਹ ’ਤੇ ਪੂਰੀ ਤਰ੍ਹਾਂ ਕਾਰਵਾਈ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਕੈਨੇਡਾ ਕੋਲ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਘੱਟ ਹੈ।
ਕੈਨੇਡਾ ਦੇ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਕੈਨੇਡਾ ਵਿੱਚ ਦਹਿਸ਼ਤ ਅਤੇ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਹਰ ਨਾਗਰਿਕ ਨੂੰ ਆਪਣੇ ਘਰ ਅਤੇ ਸਮਾਜ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ ਅਤੇ ਇਹ ਫ਼ੈਸਲਾ ਬਿਸਨੋਈ ਗੈਂਗ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗਾ।