ਬਿਉਰੋ ਰਿਪੋਰਟ : ਕੈਨੇਡਾ ਵਿੱਚ ਇੱਕ ਲਾਅ ਸਿੱਖ ਵਿਦਿਆਰਥੀ ਦੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ । ਜਿਸ ਵਿੱਚ ਉਸ ਨੇ ਰਾਜਸ਼ਾਹੀ ਦੀ ਸਹੁੰ ਚੁੱਕਣ ਤੋਂ ਸਾਫ ਇਨਕਾਰ ਕਰਦੇ ਹੋਏ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਪ੍ਰਭਜੋਤ ਸਿੰਘ ਨੇ ਕਿਹਾ ਸੀ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਰਾਜਸ਼ਾਹੀ ਦੀ ਸਹੁੰ ਚੁੱਕਣਾ ਉਸ ਨੂੰ ਕਬੂਲ ਨਹੀਂ ਹੈ ਉਸ ਦਾ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਐਲਬਰਟਾ ਦੇ ਕਾਨੂੰਨ ਦੇ ਮੁਤਾਬਿਕ ਵਕੀਲ ਨੂੰ ਰਾਜ ਕਰਨ ਵਾਲੇ ਬਾਦਸ਼ਾਹ, ਉਨ੍ਹਾਂ ਦੇ ਵਾਰਸਾਂ ਅਤੇ ਉੱਤਰਾਧਿਕਾਰੀਆਂ ਪ੍ਰਤੀ ਵਫਾਦਾਰ ਹੋਣ ਦੀ ਸਹੁੰ ਚੁੱਕਣ ਦੀ ਲੋੜ ਹੁੰਦੀ ਹੈ । ਪ੍ਰਭਜੋਤ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਆਪ ਨੂੰ ਅਕਾਲ ਪੁਰਖ ਨੂੰ ਸਮਰਪਿਤ ਕੀਤਾ ਹੈ । ਇਸ ਲਈ ਉਹ ਸਿੱਖ ਹੋਣ ਦੇ ਨਾਤੇ ਕਿਸੇ ਹੋਰ ਹਸਤੀ ਜਾਂ ਫਿਰ ਰਾਜਸ਼ਾਹੀ ਦੀ ਵਫਾਦਾਰੀ ਦੀ ਸਹੁੰ ਨਹੀਂ ਚੁੱਕ ਸਕਦਾ ਹੈ ।
ਪ੍ਰਭਜੋਤ ਸਿੰਘ ਨੇ ਕਿਹਾ ਸੀ ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਇੱਕ ਵਿਅਕਤੀ ਦੇ ਤੌਰ ‘ਤੇ ਕੌਣ ਹਾਂ। ਨਵੀਂ ਸਹੁੰ ਖਾਣ ਦੇ ਲਈ ਮੈਨੂੰ ਪੁਰਾਣੀ ਸਹੁੰ ਨੂੰ ਭੁਲਾਉਣਾ ਹੋਵੇਗਾ ਜੋ ਮੈਂ ਪਹਿਲਾਂ ਹੀ ਕੀਤੀ ਹੋਈ ਹੈ । ਇਹ ਬਹੁਤ ਗਲਤ ਹੋਵੇਗਾ । ਇਹ ਮੇਰੇ ਸਿੱਖ ਹੋਣ ਦੀ ਪਛਾਣ ਹੈ । ਜਿਸ ਵੇਲੇ ਪ੍ਰਭਜੋਤ ਸਿੰਘ ਨੇ ਕੇਸ ਦਾਇਰ ਕੀਤਾ ਸੀ ਉਸ ਵੇਲੇ Queen Elizabeth II ਜਿੰਦਾ ਸੀ।
ਕੈਨੇਡਾ ਅਤੇ ਆਸਟ੍ਰੇਲੀਆ ਦੋਵਾਂ ਵਿੱਚ Queen Elizabeth ਨੂੰ ਰਾਣੀ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ । ਫੈਸਲਾ ਸੁਣਾਉਂਦੇ ਹੋਏ ਜੱਜ ਬਾਰਬਰਾ ਜੌਹਨਸਨ ਨੇ ਕਿਹਾ ‘ਮੈਂ ਵੇਖਿਆ ਹੈ ਕਿ ਵਫਾਦਾਰੀ ਦੀ ਸਹੁੰ ਨੂੰ ਕਾਨੂੰਨ ਦੇ ਸ਼ਾਸਨ ਅਤੇ ਕੈਨੇਡੀਅਨ ਸੰਵਿਧਾਨ ਪ੍ਰਣਾਲੀ ਨੂੰ ਬਰਕਰਾਰ ਰੱਖਣ ਲਈ ਇੱਕ ਸਹੁੰ ਦੇ ਤੌਰ ‘ਤੇ ਸਹੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਕੁਈਨ ਦਾ ਸਹੁੰ ਵਿੱਚ ਜ਼ਿਕਰ ਸਿਰਫ ਇੱਕ ਸਤਿਕਾਰ ਵੱਜੋਂ ਕੀਤਾ ਗਿਆ ਹੈ ।
ਪ੍ਰਭਜੋਤ ਦੇ ਹੱਕ ਵਿੱਚ ਅਲਬਰਟਾ ਦੇ 32 ਲਾਅ ਪ੍ਰੋਫੈਸਰਾਂ ਨੇ ਪਿਛਲੇ ਸਾਲ ਤਤਕਾਲੀ ਕਾਨੂੰਨ ਮੰਤਰੀ ਨੂੰ ਖੁੱਲਾ ਪੱਤਰ ਭੇਜ ਕੇ ਕਾਨੂੰਨ ਵਿੱਚ ਸੋਧ ਕਰਨ ਅਤੇ ਸਹੁੰ ਨੂੰ ਬਦਲ ਦੇ ਤੌਰ ‘ਤੇ ਰੱਖਣ ਦੀ ਅਪੀਲ ਕੀਤੀ ਸੀ । ਯਾਨੀ ਜੇਕਰ ਕਿਸੇ ਨੇ ਸਹੁੰ ਨਹੀਂ ਵੀ ਚੁੱਕਣੀ ਤਾਂ ਉਸ ‘ਤੇ ਦਬਾਅ ਨਾ ਪਾਇਆ ਜਾਏ। ਜਿਵੇਂ ਕਿ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਹੋਰ ਥਾਵਾਂ ਵਿੱਚ ਹੁੰਦੀ ਹੈ ।