ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੀ ਬਰਸੀ ਮੌਕੇ ਕੈਨੇਡਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਦੀ ਝਾਂਕੀ ਨੂੰ ਲੈ ਕੇ ਕੱਢੀ ਗਈ ਪਰੇਡ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਹੁਣ ਇਸ ‘ਤੇ ਕੈਨੇਡਾ ਦਾ ਵੀ ਸਖ਼ਤ ਜਵਾਬ ਆਇਆ ਹੈ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ ਮੈਕੇ ਨੇ ਕਿਹਾ ਹਿੰਸਾ ਨੂੰ ਵਧਾਵਾ ਦੇਣ ਵਾਲੀ ਕਿਸੇ ਵੀ ਕਾਰਵਾਈ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਬਰੈਮਟਨ ਵਿੱਚ ਕੱਢੀ ਗਈ ਪਰੇਡ ਨੂੰ ਲੈ ਕੇ ਜਾਣੂ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਬਲੈਨ ਨੇ ਵੀ ਖ਼ਾਲਿਸਤਾਨ ਦੀ ਹਮਾਇਤ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਵਿਖਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਸ਼ੁਰੂ ਤੋਂ ਹਿੰਸਾ ਦੇ ਖ਼ਿਲਾਫ਼ ਹੈ। ਪਿਛਲੇ ਮਹੀਨੇ ਕੈਨੇਡਾ ਦੇ ਓਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਗਏ ਨਗਰ ਕੀਰਨਤ ਵਿੱਚ ਖ਼ਾਲਿਸਤਾਨੀ ਹਮਾਇਤੀਆਂ ਵੱਲੋਂ ਭਾਰਤ ਖ਼ਿਲਾਫ਼ ਨਾਅਰੇ ਲਗਾਉਣ ਦਾ ਵੀਡੀਓ ਸਾਹਮਣੇ ਆਇਆ ਸੀ।
ਨਗਰ ਕੀਰਤਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਸੀ, ਕੈਨੇਡਾ ਦੀ ਸਰਕਾਰ ਨੂੰ ਕਿਹਾ ਸੀ ਕਿ ਹਿੰਸਾ ਨੂੰ ਪ੍ਰਮੋਟ ਕਰਨ ਵਾਲੀ ਚੀਜ਼ਾ ‘ਤੇ ਕੈਨੇਡਾ ਦੀ ਸਰਕਾਰ ਰੋਕ ਲਗਾਏ। ਕੈਨੇਡਾ ਵਿੱਚ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਹਰ ਸਾਲ ਵੇਖਣ ਨੂੰ ਮਿਲਦੀਆਂ ਹਨ।
ਪਿਛਲੇ ਨਾਲ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪਹਿਲਾਂ ਹੀ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਤੀਜੀ ਵਾਰ ਕੁਰਸੀ ਸੰਭਾਲਣ ਤੋਂ ਬਾਅਦ ਕੈਨੇਡਾ ਨੇ ਮਨੁੱਖੀ ਅਧਿਕਾਰ ਦਾ ਪਾਠ ਪੜਾਉਂਦੇ ਹੋਏ PM ਮੋਦੀ ਨੂੰ ਵਧਾਈ ਦਿੱਤਾ ਤਾਂ ਭਾਰਤ ਵੱਲੋਂ ਵਧਾਈ ਨੂੰ ਕਬੂਲ ਕਰਦੇ ਹੋਏ ਕੈਨੇਡਾ ਨੂੰ ਕਿਹਾ ਰਿਸ਼ਤੇ ਸੁਧਾਰਨ ਦੇ ਲਈ ਆਪਣੀ ਸਮਝ ਜ਼ਰੂਰੀ ਹੈ।