ਕੈਨੇਡਾ ਸਰਕਾਰ ਨੇ ਭਾਰਤ ਜਾਣ ਵਾਲੇ ਹਵਾਈ ਮੁਸਾਫਰਾਂ ਨੂੰ ਝਟਕਾ ਦਿੰਦਿਆਂ ਹਵਾਈ ਅੱਡਿਆਂ ’ਤੇ ਚੈਕਿੰਗ ਦੇ ਨਿਯਮ ਸਖ਼ਤ ਕਰ ਦਿੱਤੇ ਹਨ। ਫੈਡਰਲ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਵਧੀ ਹੋਈ ਚੌਕਸੀ ਕਾਰਣ ਭਾਰਤ ਜਾਣ ਵਾਲਿਆਂ ਲਈ ਸਖ਼ਤ ਪ੍ਰੋਟੋਕੋਲ ਲਾਗੂ ਕੀਤੇ ਜਾ ਰਹੇ ਹਨ।
ਮੁਸਾਫਰਾਂ ਨੂੰ ਚੌਕਸ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ’ਤੇ ਐਡੀਸ਼ਨਲ ਸਕਰੀਨਿੰਗ ਕਾਰਣ ਉਹਨਾਂ ਦੇ ਸਫਰ ਵਿਚ ਦੇਰੀ ਹੋ ਸਕਦੀ ਹੈ। ਮੁਸਾਫਰਾਂ ਨੂੰ ਸਫਰ ਦੇ 4 ਘੰਟੇ ਪਹਿਲਾਂ ਹਵਾਈ ਅੱਡਿਆਂ ’ਤੇ ਪਹੁੰਚਣ ਵਾਸਤੇ ਕਿਹਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਓਰਟੀ ਅਥਾਰਿਟੀ ਨੂੰ ਸੌਂਪੀ ਗਈ ਹੈ। ਕੈਨੇਡੀਅਨ ਹਵਾਈ ਅੱਡਿਆਂ ਦੇ ਖ਼ਾਸ ਖੇਤਰਾਂ ਵਿਚ ਮੁਸਾਫ਼ਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਏਅਰ ਟਰਾਂਸਪੋਰਟ ਸਕਿਓਰਟੀ ਅਥਾਰਿਟੀ ਵੱਲੋਂ ਹੀ ਕੀਤਾ ਜਾਂਦਾ ਹੈ। ਸਕਰੀਨਿੰਗ ਦੌਰਾਨ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਸਬੰਧਤ ਮੁਸਾਫ਼ਰ ਕਿਸੇ ਮਾਮਲੇ ਵਿਚ ਲੋੜੀਂਦਾ ਤਾਂ ਨਹੀਂ।
ਕੈਨੇਡੀਅਨ ਅਧਿਕਾਰੀਆਂ ਨੇ ਹਾਲੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਸਖ਼ਤ ਸੁਰੱਖਿਆ ਪ੍ਰਬੰਧ ਕਿੰਨਾ ਸਮਾਂ ਚੱਲਣਗੇ। ਇਸ ਸਥਿਤੀ ਦੇ ਮੱਦੇਨਜ਼ਰ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਲਈ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਏਅਰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤੇ ਹਨ, ਜਿਸ ’ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਕੈਨੇਡਾ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖ਼ਤ ਸੁਰੱਖਿਆ ਆਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਉਡਾਣ ਲਈ ਉਡੀਕ ਦਾ ਸਮਾਂ ਉਮੀਦ ਨਾਲੋਂ ਲੰਮਾ ਹੋਣ ਦੀ ਉਮੀਦ ਹੈ। ਉਨ੍ਹਾਂ ਉਡਾਣ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ।