Punjab

ਕੈਨੇਡਾ ‘ਚ ਸਵਾ 3 ਮਹੀਨੇ ਦੇ ਅੰਦਰ 16ਵਾਂ ਪੰਜਾਬੀ ਦਿਲ ਹਾਰ ਕੇ ਦੁਨੀਆ ਤੋਂ ਚੱਲਾ ਗਿਆ !

ਬਿਉਰੋ ਰਿਪੋਰਟ : ਕੈਨੇਡਾ ਵਿੱਚ ਸਵਾ ਤਿੰਨ ਮਹੀਨੇ ਦੇ ਅੰਦਰ 16ਵਾਂ ਪੰਜਾਬੀ ਨੌਜਵਾਨ ਦਿਲ ਹਾਰ ਕੇ ਦੁਨੀਆ ਤੋਂ ਚੱਲਾ ਗਿਆ। ਬਠਿੰਡਾ ਦੇ ਸੰਗਤ ਮੰਡੀ ਵਿੱਚ ਰਹਿਣ ਵਾਲੇ ਨੌਜਵਾਨ ਦਵਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ । ਉਹ ਤਕਰੀਬਨ ਇਸ ਸਾਲ ਪਹਿਲਾਂ ਪਿੰਡ ਦੂਨੇਵਾਲ ਤੋਂ ਕੈਨੇਡਾ ਗਿਆ ਸੀ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰਾਜੂ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ 11 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ।

ਤਿੰਨ ਮਹੀਨੇ ਦੇ ਅੰਦਰ 16 ਨੌਜਵਾਨਾਂ ਦੀ ਮੌਤ ਹੋ ਗਈ

ਸਵਾ ਤਿੰਨ ਮਹੀਨੇ ਦੇ ਅੰਦਰ 16 ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ । ਤਰਨਤਾਰਨ ਦਾ ਰਹਿਣ ਵਾਲਾ ਮ੍ਰਿਤਕ ਨੌਜਵਾਨ ਹਰਭੇਜ ਸਿੰਘ 15ਵਾਂ ਨੌਜਵਾਨ ਸੀ । ਇਸੇ ਮਹੀਨੇ 6 ਨਵੰਬਰ ਨੂੰ ਮੌਤ ਦੀ ਖ਼ਬਰ ਆਈ ਸੀ । 7 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੇ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੀ ਪਛਾਣ ਹਰਭੇਜ ਸਿੰਘ ਦੇ ਰੂਪ ਵਿੱਚ ਹੋਈ ਹੈ । ਉਹ ਤਰਨਤਾਰਨ ਦੇ ਪਿੰਡ ਮਿਆਂਵਿੰਡ ਦਾ ਰਹਿਣ ਵਾਲਾ ਸੀ । ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਉਸ ਦੀ ਦੇਹ ਭਾਰਤ ਲਿਆਉਣ ਲਈ ਮਦਦ ਮੰਗੀ ਹੈ ।

ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਸਮਾਨਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । ਉਹ ਪਿੰਡ ਖੇੜਕੀ ਦਾ ਰਹਿਣ ਵਾਲਾ ਸੀ । ਖੜਕੀ ਪਿੰਡ ਤੋਂ ਵਿਦਿਆਰਥੀ ਵੀਜ਼ਾ ‘ਤੇ ਗੁਰਵਿੰਦਰ ਸਿੰਘ ਕੈਨੇਡਾ ਗਿਆ ਸੀ। ਪਰਿਵਾਰ ਨੇ 25 ਲੱਖ ਖਰਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ । ਉੱਥੇ ਪੜਾਈ ਦੇ ਨਾਲ ਉਹ ਪਾਰਸਲ ਡਿਲੀਵਰੀ ਦਾ ਕੰਮ ਵੀ ਕਰਦਾ ਸੀ । ਕਾਲਜ ਦੀ ਛੁੱਟੀਆਂ ਹੋਣ ਦੀ ਵਜ੍ਹਾ ਕਰਕੇ ਉਹ ਰੁਜ਼ਾਨਾ ਕੰਮ ‘ਤੇ ਜਾ ਰਿਹਾ ਸੀ । ਜਦੋਂ ਉਹ ਗੱਡੀ ਵਿੱਚ ਪੈਟਰੋਲ ਪਾਉਣ ਦੇ ਲਈ ਪੰਪ ਪਹੁੰਚਿਆ ਤਾਂ ਗੁਰਵਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ । ਉਹ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ।

10 ਅਕਤੂਬਰ ਨੂੰ ਕੈਨੇਡਾ ਤੋਂ ਇੱਕ ਦੀ ਹੀ ਦਿਨ ਅੰਦਰ 2 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਆਈ ਹੈ। ਦੋਵਾਂ ਦੀ ਮੌਤ ਦੇ ਪਿੱਛੇ ਦਿਲ ਦਾ ਦੌਰਾ ਪੈਣਾ ਕਾਰਨ ਸੀ। ਜਿੰਨਾਂ 2 ਨੌਜਵਾਨਾਂ ਦੀ ਮੌਤ ਦੀ ਖ਼ਬਰ ਆਈ ਸੀ ਉਨ੍ਹਾਂ ਵਿੱਚ ਇੱਕ ਤਰਨਤਾਰਨ ਦੇ ਪਿੰਡ ਮੰਮਣਕਾ ਦਾ ਸੁਖਚੈਨ ਸਿੰਘ ਹੈ ਜਿਸ ਦੀ ਉਮਰ 21 ਸਾਲ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 26 ਦਸੰਬਰ 2022 ਵਿੱਚ ਉਹ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਸੁਖਚੈਨ ਸਿੰਘ ਨੂੰ ਅਚਾਨਕ ਹਾਰਟ ਅਟੈਕ ਆਇਆ ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਦੂਜਾ ਨੌਜਵਾਨ ਕਰਨਵੀਰ ਸਿੰਘ ਟੋਰਾਂਟੋ ‘ਚ ਰਹਿੰਦਾ ਸੀ। ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ ਬਾਜਵਾ 4 ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਮੇਰੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ। ਜਿੱਥੇ 4 ਸਾਲਾਂ ਬਾਅਦ ਇਹ ਸਾਰੇ ਭਰਾ ਟੋਰਾਂਟੋ ਸ਼ਹਿਰ ਵਿੱਚ ਇਕੱਠੇ ਹੋਏ। ਸਵੇਰੇ ਜਦੋਂ ਕਰਨਵੀਰ ਨੂੰ ਜਗਾਇਆ ਤਾਂ ਕਰਨਵੀਰ ਨਹੀਂ ਉੱਠਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤੋਂ ਪਹਿਲਾਂ 16 ਸਤੰਬਰ ਨੂੰ ਖ਼ਬਰ ਆਈ ਸੀ ਕਿ ਕੈਨੇਡਾ ਦੇ ਸਰੀ ਇਲਾਕੇ ਵਿੱਚ ਰਹਿਣ ਵਾਲਾ ਨੌਜਵਾਨ ਮਨਜੋਤ ਸਿੰਘ 7 ਅਗਸਤ ਨੂੰ ਹੀ ਕੈਨੇਡਾ ਗਿਆ ਸੀ। 19 ਸਾਲ ਦਾ ਮਨਜੋਤ ਸਰੀ ਵਿੱਚ ਪੜ੍ਹਾਈ ਕਰ ਰਿਹਾ ਸੀ ।ਮਨਜੋਤ ਕੋਕੁਇਟਲਸ ਕਾਲਜ ਵਿੱਚ ਪਹਿਲੇ ਦਿਨ ਗਿਆ ਸੀ । ਕਾਲਜ ਦੇ ਵਾਸ਼ਰੂਮ ਵਿੱਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਘਨੌਰ ਦੇ ਪਿੰਡ ਸ਼ੰਭੂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪਰਿਵਾਰ ਨੇ ਕਰਜ਼ਾ ਚੁੱਕ ਕੇ ਮਨਜੋਤ ਨੂੰ ਕੈਨੇਡਾ ਇਸ ਉਮੀਦ ਨਾਲ ਭੇਜਿਆ ਸੀ ਪੜ੍ਹ ਲਿਖ ਕੇ ਉਹ ਆਪ ਹੀ ਕਰਜ਼ਾ ਉਤਾਰ ਦੇਵੇਗਾ । ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।

12 ਸਤੰਬਰ ਨੂੰ ਜਲੰਧਰ ਦੇ ਪਿੰਡ ਨੌਲੀ ਦੇ ਗਗਨਦੀਪ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ । ਉਹ 6 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ । ਕੁਝ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ । ਅਚਾਨਕ ਉਸ ਦੀ ਤਬੀਅਤ ਵਿਗੜੀ ਅਤੇ ਉਸ ਨੇ ਮੌਕੇ ‘ਤੇ ਦਮ ਤੋੜ ਦਿੱਤਾ । ਉਸ ਦੀ ਮੌਤ ਦੇ ਪਿੱਛੇ ਦਿਲ ਦਾ ਦੌਰੇ ਨੂੰ ਕਾਰਨ ਦੱਸਿਆ ਗਿਆ ਸੀ ।

ਇਸ ਤੋਂ ਪਹਿਲਾਂ 2 ਸਤੰਬਰ ਨੂੰ ਫ਼ਤਿਹਗੜ੍ਹ ਸਾਹਿਬ ਦੇ ਹਰਦੀਪ ਸਿੰਘ ਦੀ ਵੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌ ਤ ਹੋਈ ਸੀ । 32 ਸਾਲ ਦਾ ਹਨੀ 6 ਮਹੀਨੇ ਪਹਿਲਾਂ ਪਤਨੀ ਦੇ ਨਾਲ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ । ਕੁਝ ਸਮੇਂ ਪਹਿਲਾਂ ਹੀ ਹਨੀ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਪਤਨੀ ਦੇ ਨਾਲ ਕੈਨੇਡਾ ਚਲਾ ਗਿਆ ਸੀ ।

24 ਦਿਨ ਪਹਿਲਾਂ ਹੀ 32 ਸਾਲਾ ਪ੍ਰਿੰਸ ਅਰੋੜਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਹੁੰਚਿਆ ਸੀ । ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 3 ਅਗਸਤ ਨੂੰ ਹੀ ਪ੍ਰਿੰਸ ਦੀ ਪਤਨੀ ਨੇ ਕੈਨੇਡਾ ਦੇ ਕਾਗ਼ਜ਼ ਭੇਜੇ ਦਿੱਤੇ ਸਨ।

9 ਅਗਸਤ ਨੂੰ ਖ਼ਬਰ ਆਈ ਸੀ ਕਿ ਟੋਰਾਂਟੋ ਵਿੱਚ 22 ਸਾਲਾ ਮਨਪ੍ਰੀਤ ਕੌਰ ਨੂੰ ਦਿਲ ਦਾ ਦੌਰਾਨ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਉਹ 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ।

9 ਅਗਸਤ ਨੂੰ ਹੀ 22 ਸਾਲਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਆਈ ਹੈ ।ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ

26 ਜੁਲਾਈ ਨੂੰ ਭਦੌੜ ਦੇ ਪਿੰਡ ਸੰਧੂ ਕਲਾਂ ਦੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਆਈ ਸੀ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ । ਜਗਜੀਤ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । 4 ਮਹੀਨ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ ।

20 ਜੁਲਾਈ ਨੂੰ ਗੁਰਦਾਸਪੁਰ ਦੇ ਰਜਤ ਮਹਿਰਾ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ । ਰਜਤ 21 ਦਿਨ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਿਆ ਸੀ । ਉਸ ਦੀ ਮੌਤ ਦੇ ਪਿੱਛੇ ਵੀ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਗਿਆ ਸੀ ।

ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਘਰ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ ।

ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾ ਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?

ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਕਾਰਨ ਕੀ ਹੈ ? ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਅਸਰ ਕੀਤਾ ਹੈ । ਦੂਜਾ ਕੈਨੇਡਾ ਦਾ ਮੌਸਮ ਭਾਰਤ ਤੋਂ ਬਿਲਕੁਲ ਵੱਖ ਹੈ,ਅੱਤ ਦੀ ਸਰਦੀ ਨੂੰ ਇੱਕ ਦਮ ਸਰੀਰ ਝੱਲ ਨਹੀਂ ਪਾਉਂਦਾ ਹੈ। ਤੀਜਾ ਵੱਡਾ ਕਾਰਨ ਹੈ ਦਬਾਅ,ਕੈਨੇਡਾ ਪਹੁੰਚ ਦੇ ਹੀ ਅਸੀਂ ਸਿੱਧਾ ਨੌਕਰੀ ਦੀ ਉਮੀਦ ਕਰਦੇ ਹਾਂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਦਬਾਅ ਮਹਿਸੂਸ ਕਰਦੇ ਅਤੇ ਫਿਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ । ਨੌਕਰੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਜਿਹੜੀਆਂ ਤਸਵੀਰਾਂ ਅਤੇ ਖ਼ਬਰਾਂ ਆ ਰਹੀਆਂ ਹਨ ਉਹ ਵੀ ਪਰੇਸ਼ਾਨ ਕਰਨ ਵਾਲੀਆਂ ਹਨ । ਚੀਜ਼ਾਂ ਦੀ ਕੀਮਤਾਂ ਵੱਧ ਗਈਆਂ ਹਨ ਨੌਕਰੀਆਂ ਘੱਟ ਹਨ ਜਿਸ ਦਾ ਸਿੱਟਾ ਬੇਰੁਜ਼ਗਾਰੀ ਵੱਧ ਗਈ ਹੈ । ਸਭ ਤੋਂ ਵੱਡਾ ਕਾਰਨ ਪਰਿਵਾਰ ਤੋਂ ਦੂਰੀ ਅਤੇ ਇਕੱਲੇ ਹੋਣ ਦਾ ਅਹਿਸਾਸ ਦਿਲ ਅਤੇ ਦਿਮਾਗ਼ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ।